
ਚੰਡੀਗੜ੍ਹ, 10 ਮਈ (ਹਿੰ.ਸ.)| ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ ਨੌਜਵਾਨ ਰਣਜੀਤ ਸਿੰਘ ਦੀ ਮਨੀਲਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਵਜੋਂ ਹੋਈ ਹੈ, ਜੋ ਉੱਥੇ ਫਾਇਨੈਂਸ ਦਾ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਦਾ ਕੁਝ ਲੋਕਾਂ ਨਾਲ ਕਰਜ਼ੇ ਦੀ ਵਸੂਲੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਹ ਵਸੂਲੀ ਲਈ ਜਾ ਰਿਹਾ ਸੀ ਤਾਂ ਘਾਤ ਲਗਾ ਕੇ ਉਸ ‘ਤੇ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਪੌਇੰਟ ਬਲੈਂਕ ਰੇਂਜ ਤੋਂ ਉਸਦੇ ਸਿਰ ਦੇ ਪਿੱਛੇ ਗੋਲੀਆਂ ਮਾਰੀਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਆਪਣੇ ਪਰਿਵਾਰ ਨਾਲ ਮਨੀਲਾ ਵਿੱਚ ਰਹਿੰਦਾ ਸੀ। ਉਸਦੇ ਪਰਿਵਾਰ ਵਿੱਚ ਵੱਡਾ ਭਰਾ, ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਹਨ। ਮੌਤ ਦੀ ਖ਼ਬਰ ਮਿਲਣ ਨਾਲ ਪਿੰਡ ਦੌਲਤਪੁਰਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਫਿਲੀਪੀਨਜ਼ ਪੁਲਿਸ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਰਣਜੀਤ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਾਜ਼ਾਰ ਜਾ ਰਿਹਾ ਸੀ। ਇਸ ਦੌਰਾਨ ਬਾਈਕ ‘ਤੇ ਆਏ ਦੋ ਹਮਲਾਵਰਾਂ ਨੇ ਉਸ ‘ਤੇ ਅਚਾਨਕ ਗੋਲੀਆਂ ਚਲਾਈਆਂ। ਇੱਕ ਗੋਲੀ ਉਸਦੇ ਸਿਰ ਦੇ ਪਿੱਛਲੇ ਹਿੱਸੇ ‘ਚ ਬਿਲਕੁਲ ਨੇੜੇ ਤੋਂ ਮਾਰੀ ਗਈ। ਪੁਲਿਸ ਨੂੰ ਮੌਕੇ ਤੋਂ 5 ਖੋਖੇ ਵੀ ਬਰਾਮਦ ਹੋਏ ਹਨ।
ਰਣਜੀਤ ਸਿੰਘ ਦੀ ਉਮਰ ਕਰੀਬ 39-40 ਸਾਲ ਸੀ। ਉਹ ਕਈ ਸਾਲ ਪਹਿਲਾਂ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਦੇਸ਼ ਗਿਆ ਸੀ ਅਤੇ ਆਪਣੇ ਵੱਡੇ ਭਰਾ ਨਾਲ ਮਿਲ ਕੇ ਛੋਟੇ ਪੱਧਰ ‘ਤੇ ਫਾਇਨੈਂਸ ਦਾ ਕਾਰੋਬਾਰ ਕਰਦਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਸਮੇਂ ਉਸਦਾ ਵੱਡਾ ਭਰਾ ਪਿੰਡ ਆਇਆ ਹੋਇਆ ਸੀ ਅਤੇ ਰਣਜੀਤ ਸਿੰਘ ਇਕੱਲਾ ਹੀ ਕੰਮ ਸੰਭਾਲ ਰਿਹਾ ਸੀ। ਉਹ ਇਕ ਆਮ ਪੰਜਾਬੀ ਨੌਜਵਾਨ ਸੀ ਜੋ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਹੋਇਆ ਸੀ। ਉਸਦੀ ਮੌਤ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਆਪਣੇ ਪਿੱਛੇ ਪਤਨੀ, 8 ਸਾਲ ਦੀ ਧੀ ਅਤੇ 4 ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੋਸ਼ੀਆਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਪਤਨੀ ਵੱਲੋਂ ਸ਼ੱਕ ਜਤਾਇਆ ਗਿਆ ਹੈ ਕਿ ਇਹ ਹੱਤਿਆ ਉਸਦੇ ਫਾਇਨੈਂਸ ਕਾਰੋਬਾਰ ਨਾਲ ਜੁੜੀ ਹੋ ਸਕਦੀ ਹੈ, ਕਿਉਂਕਿ ਕਰਜ਼ਾ ਵਸੂਲੀ ਦੌਰਾਨ ਅਕਸਰ ਵਿਵਾਦ ਹੋ ਜਾਂਦੇ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH