
ਚੰਡੀਗੜ੍ਹ, 10 ਮਈ (ਹਿੰ.ਸ.)| ਜੰਮੂ-ਕਸ਼ਮੀਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚੰਡੀਗੜ੍ਹ ਵਿੱਚ ਕਰੀਬ 93 ਲੱਖ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਹ ਕਾਰਵਾਈ ਐਨ.ਡੀ.ਪੀ.ਐਸ ਐਕਟ ਹੇਠ ਜੰਮੂ ਦੇ ਬਾਗ-ਏ-ਬਾਹੁ ਥਾਣੇ ਵਿੱਚ ਦਰਜ ਮਾਮਲੇ ਨਾਲ ਸੰਬੰਧਿਤ ਹੈ।
ਪੁਲਿਸ ਮੁਤਾਬਕ ਇਹ ਮਾਮਲਾ 14 ਜਨਵਰੀ 2026 ਦਾ ਹੈ, ਜਦੋਂ ਜੰਮੂ ਦੇ ਨਰਵਾਲ ਸਥਿਤ ਰਾਜੀਵ ਨਗਰ ਦਾ ਰਹਿਣ ਵਾਲਾ ਅਰੁਣ ਸਿੰਘ ਨਾਕਾ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਉਸਦੇ ਕਬਜ਼ੇ ਵਿੱਚੋਂ 5.61 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਬਾਅਦ ਐਨ.ਡੀ.ਪੀ.ਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਤਫਤੀਸ਼ ਦੌਰਾਨ ਪੁਲਿਸ ਨੂੰ ਨਸ਼ਾ ਤਸਕਰੀ ਨਾਲ ਜੁੜੇ ਵੱਡੇ ਨੈੱਟਵਰਕ ਅਤੇ ਸ਼ੱਕੀ ਵਿੱਤੀ ਲੈਣ-ਦੇਣ ਬਾਰੇ ਜਾਣਕਾਰੀ ਮਿਲੀ। ਜਾਂਚ ਅੱਗੇ ਵਧਣ ‘ਤੇ ਪੁਲਿਸ ਦੀ ਟੀਮ ਚੰਡੀਗੜ੍ਹ ਪਹੁੰਚੀ, ਜਿੱਥੇ ਅਰੁਣ ਸਿੰਘ ਦੇ ਭਰਾ ਅਤੇ ਸਹਿ-ਦੋਸ਼ੀ ਰਿਸ਼ੀ ਸਿੰਘ ਦੇ ਰਹਿਣ ਬਾਰੇ ਪਤਾ ਲੱਗਾ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੈਕਟਰ-38ਏ ਵਿੱਚ ਸਥਿਤ ਇਕ ਰਿਹਾਇਸ਼ੀ ਮਕਾਨ ਨਸ਼ੇ ਦੇ ਕਾਰੋਬਾਰ ਨਾਲ ਕਮਾਈ ਗਈ ਰਕਮ ਨਾਲ ਖਰੀਦਿਆ ਗਿਆ ਸੀ, ਜਿਸ ਨੂੰ ਹੁਣ ਅਟੈਚ ਕਰ ਲਿਆ ਗਿਆ ਹੈ।
ਜੰਮੂ-ਕਸ਼ਮੀਰ ਪੁਲਿਸ ਵੱਲੋਂ 100 ਦਿਨਾਂ ਦੇ ‘ਨਸ਼ਾ ਮੁਕਤ ਜੰਮੂ-ਕਸ਼ਮੀਰ’ ਅਭਿਆਨ ਤਹਿਤ ਲਗਾਤਾਰ ਐਂਟੀ-ਡਰੱਗ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਇਸ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਅਤੇ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਆਧਾਰ ਕਾਰਡ, ਪਾਸਪੋਰਟ ਅਤੇ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਨਸ਼ੇ ਦੇ ਧੰਦੇ ਨਾਲ ਬਣਾਈ ਗਈ ਸੰਪਤੀ ਨੂੰ ਅਟੈਚ ਕਰਨਾ ਵੀ ਸ਼ਾਮਲ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH