
ਫਾਜ਼ਿਲਕਾ, 10 ਮਈ (ਹਿੰ.ਸ.)। ਪੰਜਾਬ ਨੈਸ਼ਨਲ ਬੈਂਕ ਵੱਲੋਂ ਪਿੰਡ ਨਿਹਾਲ ਖੇੜਾ ਵਿੱਚ ਮਹਾ ਐਗਰੀਕਲਚਰ ਆਉਟਰੀਚ ਪ੍ਰੋਗਰਾਮ “ਪੀ.ਐੱਨ.ਬੀ. ਕ੍ਰਿਸ਼ੀ ਆਰੰਭ” ਦਾ ਸਫਲ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਪ੍ਰਧਾਨ ਦਫ਼ਤਰ ਤੋਂ ਪਹੁੰਚੇ ਸ਼ੈਲੇੰਦਰ ਕੁਮਾਰ ਸ਼੍ਰੀਵਾਸਤਵ (ਉਪ ਮਹਾਂਪ੍ਰਬੰਧਕ) ਨੇ ਸੀਨੀਅਰ ਅਧਿਕਾਰੀ ਵਜੋਂ ਆਪਣੀ ਗਰਿਮਾਮਈ ਹਾਜ਼ਰੀ ਦਰਜ ਕਰਵਾਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਜਗਵਿੰਦਰਜੀਤ ਸਿੰਘ ਗਰੇਵਾਲ, ਏ.ਡੀ.ਸੀ., ਫਾਜ਼ਿਲਕਾ ਹਾਜ਼ਰ ਰਹੇ।
ਪ੍ਰੋਗਰਾਮ ਵਿੱਚ ਬੈਂਕ ਦੇ ਵੱਖ-ਵੱਖ ਅਧਿਕਾਰੀਆਂ, ਸ਼ਾਖਾ ਮੁਖੀਆਂ, ਕਰਮਚਾਰੀਆਂ ਅਤੇ ਸਨਮਾਨਿਤ ਕਿਸਾਨ ਗਾਹਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਫਾਜ਼ਿਲਕਾ ਐਲ.ਡੀ.ਐਮ. ਬਿਸਵਜੀਤ ਮੈਤਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਆਮ ਜਨਤਾ ਅਤੇ ਕਿਸਾਨਾਂ ਨੂੰ ਵਿੱਤੀ ਸਮਾਵੇਸ਼ (ਐੱਫ. ਆਈ.) ਅਤੇ ਬੈਂਕਿੰਗ ਜਾਗਰੂਕਤਾ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ।
ਪ੍ਰੋਗਰਾਮ ਦੌਰਾਨ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਵੱਖ-ਵੱਖ ਬੈਂਕਿੰਗ ਯੋਜਨਾਵਾਂ ਅਤੇ ਵਿੱਤੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਬੈਂਕ ਦੀਆਂ ਖੇਤੀ-ਕੇਂਦਰਿਤ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਕਿਸਾਨਾਂ ਅਤੇ ਗਾਹਕਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਖੇਤਰ ਵਿੱਚ ਬੈਂਕ ਦੀ ਭੂਮਿਕਾ, ਉੱਤਮ ਗਾਹਕ ਸੇਵਾ ਅਤੇ ਪਿੰਡਾਂ ਅਤੇ ਖੇਤੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਬੈਂਕ ਦੀ ਵਚਨਬੱਧਤਾ ’ਤੇ ਰੋਸ਼ਨੀ ਪਾਈ।
ਇਹ ਪ੍ਰੋਗਰਾਮ ਖੇਤੀਬਾੜੀ ਖੇਤਰ ਵਿੱਚ ਵਿੱਤੀ ਸਮਾਵੇਸ਼ ਅਤੇ ਕਾਰੋਬਾਰ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਪਹਿਲ ਸਾਬਤ ਹੋਇਆ। ਪ੍ਰੋਗਰਾਮ ਦੌਰਾਨ ਲਗਭਗ ₹93 ਕਰੋੜ ਦੀਆਂ ਐਗਰੀਕਲਚਰ ਆਉਟਰੀਚ ਲੀਡਜ਼ ਸੋਰਸ ਕੀਤੀਆਂ ਗਈਆਂ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ