
ਚੰਡੀਗੜ੍ਹ, 10 ਮਈ (ਹਿੰ.ਸ.)| ਪੰਜਾਬ ਨੇ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਵੱਡਾ ਮੀਲ ਪੱਥਰ ਹਾਸਲ ਕਰਦੇ ਹੋਏ ਦੇਸ਼ ਭਰ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲਾ ਸੂਬਾ ਬਣਨ ਦਾ ਦਾਅਵਾ ਕੀਤਾ ਹੈ। ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਅਨੁਸਾਰ, ਪੰਜਾਬ ਨੇ ਬੁਨਿਆਦੀ ਸਿੱਖਿਆ ਦੇ ਮੁੱਖ ਮਾਪਦੰਡਾਂ ਵਿੱਚ ਲੰਬੇ ਸਮੇਂ ਤੋਂ ਅੱਗੇ ਰਹੇ ਕੇਰਲਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸਨੂੰ “ਪੰਜਾਬ ਦੇ ਨਵੇਂ ਦੌਰ ਦੀ ਸ਼ੁਰੂਆਤ” ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਿਸੇ ਇਕ ਦਿਨ ਦੀ ਨਹੀਂ, ਸਗੋਂ ਸਾਲਾਂ ਦੀ ਨੀਤੀ, ਇਰਾਦੇ ਅਤੇ ਜ਼ਮੀਨੀ ਪੱਧਰ ’ਤੇ ਕੀਤੇ ਸੁਧਾਰਾਂ ਦਾ ਨਤੀਜਾ ਹੈ। ਉਨ੍ਹਾਂ ਇਹ ਸਫਲਤਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸਮਰਪਿਤ ਕੀਤੀ।
ਰਿਪੋਰਟ ਅਨੁਸਾਰ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਭਾਸ਼ਾ ਵਿੱਚ 82 ਫੀਸਦੀ ਅਤੇ ਗਣਿਤ ਵਿੱਚ 78 ਫੀਸਦੀ ਪ੍ਰਦਰਸ਼ਨ ਕੀਤਾ, ਜਦਕਿ ਕੇਰਲਾ ਦੇ ਅੰਕ ਇਸ ਤੋਂ ਘੱਟ ਰਹੇ। ਨੌਵੀਂ ਜਮਾਤ ਦੇ ਗਣਿਤ ਵਿੱਚ ਵੀ ਪੰਜਾਬ ਨੇ 52 ਫੀਸਦੀ ਮਾਹਰਤਾ ਦਰਜ ਕੀਤੀ, ਜੋ ਕੇਰਲਾ ਦੇ 45 ਫੀਸਦੀ ਤੋਂ ਵੱਧ ਹੈ। ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਸੂਬੇ ਦੇ 99.9 ਫੀਸਦੀ ਸਰਕਾਰੀ ਸਕੂਲਾਂ ਵਿੱਚ ਬਿਜਲੀ ਉਪਲਬਧ ਹੈ, 99 ਫੀਸਦੀ ਸਕੂਲਾਂ ਵਿੱਚ ਕੰਪਿਊਟਰ ਹਨ ਅਤੇ 80 ਫੀਸਦੀ ਤੋਂ ਵੱਧ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਬਣਾਏ ਗਏ ਹਨ। ਇਸਦੇ ਨਾਲ ਹੀ 10ਵੀਂ ਤੋਂ 11ਵੀਂ ਜਮਾਤ ਵਿੱਚ ਦਾਖਲਾ ਦਰ 90 ਫੀਸਦੀ ਤੋਂ ਵੱਧ ਹੋਣ ਨਾਲ ਸਕੂਲ ਛੱਡਣ ਦੀ ਦਰ ਵਿੱਚ ਕਮੀ ਆਈ ਹੈ।
ਮਿਸ਼ਨ ਸਮਰੱਥ ਅਤੇ ਸਕੂਲ ਆਫ ਐਮੀਨੈਂਸ ਪ੍ਰੋਗਰਾਮਾਂ ਨੂੰ ਇਸ ਸਫਲਤਾ ਦਾ ਕੇਂਦਰ ਦੱਸਿਆ ਗਿਆ ਹੈ। ਸਰਕਾਰ ਨੇ ਹੁਣ ਤੱਕ 13,000 ਅਧਿਆਪਕਾਂ ਦੀ ਭਰਤੀ ਕੀਤੀ ਹੈ ਅਤੇ ਵਿਦਿਆਰਥੀਆਂ ਲਈ ਇੰਗਲਿਸ਼ ਐੱਜ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 118 ਸਕੂਲ ਆਫ ਐਮੀਨੈਂਸ ਤਿਆਰ ਕੀਤੇ ਜਾ ਰਹੇ ਹਨ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿੱਥੇ 786 ਵਿਦਿਆਰਥੀਆਂ ਨੇ ਜੇਈ ਮੇਨ ਅਤੇ 1,284 ਨੇ ਨੀਟ ਪਾਸ ਕੀਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਫਿਨਲੈਂਡ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਅਧਿਆਪਕ ਸਿਖਲਾਈ ਕਾਰਜਕ੍ਰਮਾਂ ਦਾ ਵੀ ਸਕਾਰਾਤਮਕ ਅਸਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਨਿੱਜੀ ਸਕੂਲਾਂ ਨਾਲ ਹੀ ਨਹੀਂ, ਸਗੋਂ ਵਿਸ਼ਵ ਪੱਧਰ ਨਾਲ ਮੁਕਾਬਲਾ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH