
ਪੰਚਕੂਲਾ, 10 ਮਈ (ਹਿੰ.ਸ.)| ਪੰਚਕੂਲਾ ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ, ਨਸ਼ਾ ਤਸਕਰਾਂ ਅਤੇ ਅਸਮਾਜਿਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਨੌਜਵਾਨ ਨੂੰ ਦੇਸੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਨਗਰ ਨਿਗਮ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਸਰਗਰਮ ਹਨ।
ਪੰਚਕੂਲਾ ਪੁਲਿਸ ਦੇ ਡਿਟੈਕਟਿਵ ਸਟਾਫ ਨੇ ਪਿੰਜੌਰ-ਪੰਚਕੂਲਾ ਮਾਰਗ ‘ਤੇ ਪਿੰਡ ਬੀੜ ਘੱਗਰ ਨੇੜੇ ਕਾਰਵਾਈ ਕਰਦਿਆਂ ਮੋਹਾਲੀ ਨਿਵਾਸੀ ਨਵਨੀਤ ਸਿੰਘ ਉਰਫ਼ ਮਲਿੰਗਾ ਨੂੰ ਕਾਬੂ ਕੀਤਾ ਹੈ।
ਏਸੀਪੀ ਕ੍ਰਾਈਮ ਅਰਵਿੰਦ ਕੰਬੋਜ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਵਨੀਤ ਸਿੰਘ ਨਾਜਾਇਜ਼ ਹਥਿਆਰ ਲੈ ਕੇ ਪਿੰਡ ਬੀੜ ਘੱਗਰ ਮੋੜ ਨੇੜੇ ਕਿਸੇ ਵਿਅਕਤੀ ਦੀ ਉਡੀਕ ਕਰ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਦੋਸ਼ੀ ਦੀ ਸੱਜੀ ਜੇਬ ਵਿਚੋਂ ਇੱਕ ਨਾਜਾਇਜ਼ ਦੇਸੀ ਪਿਸਤੌਲ ਬਰਾਮਦ ਹੋਈ। ਜਦੋਂ ਪੁਲਿਸ ਵੱਲੋਂ ਹਥਿਆਰ ਦਾ ਲਾਇਸੈਂਸ ਜਾਂ ਪਰਮਿਟ ਮੰਗਿਆ ਗਿਆ ਤਾਂ ਉਹ ਕੋਈ ਵੈਧ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।
ਡੀਸੀਪੀ ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਚੰਡੀਮੰਦਰ ਥਾਣੇ ਵਿੱਚ ਆਰਮਜ਼ ਐਕਟ ਦੀ ਧਾਰਾ 25(1-B)A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਉਸ ਵਿਅਕਤੀ ਦਾ ਨਾਮ ਵੀ ਦੱਸਿਆ ਜਿਸ ਤੋਂ ਉਸ ਨੇ ਇਹ ਪਿਸਤੌਲ ਖਰੀਦੀ ਸੀ। ਪੁਲਿਸ ਹੁਣ ਮੁੱਖ ਸਪਲਾਇਰ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਖ਼ਿਲਾਫ਼ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਸੰਬੰਧਿਤ ਇੱਕ ਮਾਮਲਾ ਪਹਿਲਾਂ ਤੋਂ ਦਰਜ ਹੈ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH