
ਮੋਹਾਲੀ, 10 ਮਈ (ਹਿੰ.ਸ.) ਮੋਹਾਲੀ ਦੇ ਸੈਕਟਰ 83ਏ (ਆਈਟੀ ਸਿਟੀ) ਵਿੱਚ ਗੁਰਦੁਆਰਾ ਸਾਹਿਬ ਵਾਲੇ ਚੌਂਕ ਨੇੜੇ ਬਣ ਰਹੇ ਸ਼ਰਾਬ ਦੇ ਠੇਕੇ ਖ਼ਿਲਾਫ਼ ਇਲਾਕਾ ਵਸਨੀਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਸਮਾਜਸੇਵੀ ਆਗੂ ਨਸੀਬ ਸਿੰਘ ਸੰਧੂ ਦੀ ਅਗਵਾਈ ਹੇਠ ਲੋਕਾਂ ਨੇ ਧਰਨਾ ਦੇ ਕੇ ਮੰਗ ਕੀਤੀ ਕਿ ਠੇਕੇ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ। ਪ੍ਰਦਰਸ਼ਨ ਦੌਰਾਨ ਵਸਨੀਕਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਅਤੇ ਨਾਲ ਹੀ ਨੇੜੇ ਖੇਡ ਮੈਦਾਨ ਵੀ ਹੈ, ਜਿੱਥੇ ਬੱਚੇ ਖੇਡਣ ਆਉਂਦੇ ਹਨ। ਅਜਿਹੇ ਇਲਾਕੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣਾ ਸਮਾਜਕ ਮਾਹੌਲ ਲਈ ਠੀਕ ਨਹੀਂ ਅਤੇ ਇਸ ਨਾਲ ਬੱਚਿਆਂ ‘ਤੇ ਵੀ ਗਲਤ ਅਸਰ ਪੈ ਸਕਦਾ ਹੈ।
ਇਸ ਮੌਕੇ ਨਸੀਬ ਸਿੰਘ ਸੰਧੂ, ਹਰਵਿੰਦਰ ਪਾਲ ਸਿੰਘ ਮਾਨ, ਜਸਪਾਲ ਸਿੰਘ, ਕੁਲਤਾਰ ਸਿੰਘ, ਗੋਬਿੰਦਰ ਸਿੰਘ, ਅਮੀਰ ਚੰਦ, ਆਰ.ਕੇ. ਮਹਾਜਨ, ਕਰਨਲ ਸਤਵੰਤ ਸਿੰਘ ਚਾਹਲ, ਮਨਜੀਤ ਸਿੰਘ, ਇੰਜੀਨੀਅਰ ਪਰਮਜੀਤ ਸਿੰਘ, ਦਲਜੀਤ ਸਿੰਘ, ਗੁਰਦੇਵ ਸਿੰਘ, ਹਰਮੀਤ ਸਿੰਘ, ਰਵਿੰਦਰ ਸਿੰਘ, ਬੀ.ਐਸ. ਖੰਡੂਜਾ, ਅਨੂਪ ਕੌਰ ਅਤੇ ਮਨਜੀਤ ਕੌਰ ਸਮੇਤ ਹੋਰ ਵਸਨੀਕ ਹਾਜ਼ਰ ਸਨ।
ਵਸਨੀਕਾਂ ਵੱਲੋਂ ਮਾਮਲਾ ਸਰਬਜੀਤ ਸਿੰਘ ਸਮਾਣਾ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਠੇਕੇਦਾਰ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸ਼ਰਾਬ ਦੇ ਠੇਕੇ ਨੂੰ ਇੱਥੋਂ ਹਟਾ ਕੇ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH