ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਜਪਾ ਵਿੱਚ ਸ਼ਾਮਲ
ਚੰਡੀਗੜ੍ਹ, 11 ਮਈ (ਹਿੰ.ਸ.)| ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਚੋਣਾਂ ਦੇ ਐਲਾਨ ਦੇ ਦਰਮਿਆਨ ਸਿਆਸੀ ਮਾਹੌਲ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ
ਮੁੱਖ ਮੰਤਰੀ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੂੰ ਭਾਜਪਾ ਵਿੱਚ ਸ਼ਾਮਲ ਕਰਦੇ ਹੋਏ ਮੁੱਖ ਮੰਤਰੀ ਨਾਇਬ ਸੈਣੀ ਤੇ ਹੋਰ।


ਚੰਡੀਗੜ੍ਹ, 11 ਮਈ (ਹਿੰ.ਸ.)| ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਚੋਣਾਂ ਦੇ ਐਲਾਨ ਦੇ ਦਰਮਿਆਨ ਸਿਆਸੀ ਮਾਹੌਲ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕੀਤਾ ਗਿਆ।

ਗਿਆਨ ਸਿੰਘ ਮਾਨ ਲੰਬੇ ਸਮੇਂ ਤੱਕ ਭਗਵੰਤ ਮਾਨ ਦੇ ਨਜ਼ਦੀਕੀ ਸਹਿਯੋਗੀ ਰਹੇ ਹਨ। ਉਹ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਦੇ ਚੋਣ ਪ੍ਰਚਾਰ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੇ। ਉਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਦੇ ਰਹਿਣ ਵਾਲੇ ਹਨ ਅਤੇ 2012 ਦੀ ਵਿਧਾਨ ਸਭਾ ਚੋਣ ਤੋਂ ਸਿਆਸੀ ਤੌਰ ‘ਤੇ ਸਰਗਰਮ ਰਹੇ ਹਨ।

ਜਾਣਕਾਰੀ ਮੁਤਾਬਕ 2013 ਵਿੱਚ ਆਮ ਆਦਮੀ ਪਾਰਟੀ ਦੇ ਗਠਨ ਤੋਂ ਬਾਅਦ ਗਿਆਨ ਸਿੰਘ ਮਾਨ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਉਹ 2014 ਤੋਂ 2022 ਤੱਕ ਸੰਗਰੂਰ ਸੰਸਦ ਮੈਂਬਰ ਦਫ਼ਤਰ ਦੇ ਇੰਚਾਰਜ ਰਹੇ ਅਤੇ 2022 ਦੀ ਵਿਧਾਨ ਸਭਾ ਚੋਣ ਦੌਰਾਨ ਧੂਰੀ ਹਲਕੇ ਵਿੱਚ ਭਗਵੰਤ ਮਾਨ ਦੇ ਚੋਣ ਦਫ਼ਤਰ ਦੀ ਮੁੱਖ ਜ਼ਿੰਮੇਵਾਰੀ ਸੰਭਾਲੀ।

ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ “ਅਸੀਂ ਪਹਿਲਾਂ ਹੀ ਕਿਹਾ ਸੀ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਅਤੇ ਅੱਜ ਅਸੀਂ ਇਹ ਕਰ ਦਿਖਾਇਆ ਹੈ। ਹੁਣ ਭਗਵੰਤ ਮਾਨ ਦੇ ਘਰ ਦੇ ਨਾਲ ਭਾਜਪਾ ਦਾ ਝੰਡਾ ਵੀ ਲੱਗੇਗਾ।” ਉਨ੍ਹਾਂ ਨੇ ਗਿਆਨ ਸਿੰਘ ਮਾਨ ਦਾ ਭਾਜਪਾ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ।

ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਘਬਰਾਈ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਪਹਿਲਾਂ ਕਾਂਗਰਸ ਨਾਲ ਰਹੇ ਅਤੇ ਹੁਣ ਪੰਜਾਬ ਵਿੱਚ ਵੀ ਲੋਕ ਉਨ੍ਹਾਂ ਨੂੰ ਨਕਾਰਣ ਲੱਗ ਪਏ ਹਨ।

ਗਿਆਨ ਸਿੰਘ ਮਾਨ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡੇ ਸਿਆਸੀ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ, ਖ਼ਾਸ ਕਰਕੇ ਉਸ ਸਮੇਂ ਜਦੋਂ ਸੂਬੇ ਵਿੱਚ ਨਿਗਮ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande