
ਫਰੀਦਕੋਟ, 11 ਮਈ (ਹਿੰ.ਸ.)|
ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਨੀਆਵਾਲਾ ਦੀ ਇੱਕ ਮਹਿਲਾ ਦੀ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਅਣਪਛਾਤੇ ਹਮਲਾਵਰਾਂ ਨੇ ਉਸ ਵੇਲੇ ਮਹਿਲਾ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ਆਪਣੇ ਕਾਰੋਬਾਰ ਸਬੰਧੀ ਕਲੈਕਸ਼ਨ ਲਈ ਜਾ ਰਹੀ ਸੀ। ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਘਨੀਆਵਾਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕਾ ਦੀ ਪਛਾਣ ਸੁਖਵੀਰ ਕੌਰ ਬਰਾੜ ਵਜੋਂ ਹੋਈ ਹੈ, ਜੋ ਆਪਣੇ ਪਤੀ ਇਕਬਾਲ ਸਿੰਘ ਬਰਾੜ ਨਾਲ ਕਈ ਸਾਲਾਂ ਤੋਂ ਮਨੀਲਾ ਵਿੱਚ ਰਹਿ ਰਹੀ ਸੀ। ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਉੱਥੇ ਫਾਇਨੈਂਸ ਦਾ ਕਾਰੋਬਾਰ ਕਰਦੇ ਸਨ। ਐਤਵਾਰ ਨੂੰ ਸੁਖਵੀਰ ਕੌਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕਾਰੋਬਾਰ ਦੀ ਕਲੈਕਸ਼ਨ ਲਈ ਬਾਜ਼ਾਰ ਵੱਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਸੁਖਵੀਰ ਕੌਰ ਨੂੰ ਨਿਸ਼ਾਨਾ ਬਣਾਉਂਦਿਆਂ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਹਮਲਾਵਰਾਂ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਘਟਨਾ ਦਾ ਇੱਕ ਹੋਰ ਦੁਖਦਾਈ ਪੱਖ ਇਹ ਹੈ ਕਿ ਮ੍ਰਿਤਕਾ ਦਾ ਪਤੀ ਇਕਬਾਲ ਸਿੰਘ ਬਰਾੜ ਇਨ੍ਹਾਂ ਦਿਨਾਂ ਆਪਣੇ ਪਿੰਡ ਘਨੀਆਵਾਲਾ ਆਇਆ ਹੋਇਆ ਸੀ। ਉਸ ਦੀ ਗੈਰਹਾਜ਼ਰੀ ਵਿੱਚ ਮਨੀਲਾ ਵਿੱਚ ਕਾਰੋਬਾਰ ਅਤੇ ਕਲੈਕਸ਼ਨ ਦੀ ਜ਼ਿੰਮੇਵਾਰੀ ਸੁਖਵੀਰ ਕੌਰ ਸੰਭਾਲ ਰਹੀ ਸੀ। ਜਿਵੇਂ ਹੀ ਇਸ ਘਟਨਾ ਦੀ ਸੂਚਨਾ ਇਕਬਾਲ ਸਿੰਘ ਨੂੰ ਮਿਲੀ, ਉਹ ਤੁਰੰਤ ਮਨੀਲਾ ਲਈ ਰਵਾਨਾ ਹੋ ਗਏ।
ਸੁਖਵੀਰ ਕੌਰ ਦੀ ਹੱਤਿਆ ਦੀ ਖਬਰ ਪਿੰਡ ਵਿੱਚ ਪਹੁੰਚਦੇ ਹੀ ਮਾਹੌਲ ਗਮਗੀਨ ਹੋ ਗਿਆ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਇਕਬਾਲ ਸਿੰਘ ਦੇ ਘਰ ਪਹੁੰਚ ਰਹੇ ਹਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਕਾਰੋਬਾਰੀਆਂ ਦੀ ਸੁਰੱਖਿਆ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਵੀਰ ਕੌਰ ਦਾ ਅੰਤਿਮ ਸੰਸਕਾਰ ਉਸ ਦੇ ਪੈਤ੍ਰਿਕ ਪਿੰਡ ਘਨੀਆਵਾਲਾ ਵਿੱਚ ਹੀ ਕੀਤਾ ਜਾਵੇਗਾ। ਇਸ ਵੇਲੇ ਪਰਿਵਾਰ ਮ੍ਰਿਤਕਾ ਦੀ ਦੇਹ ਨੂੰ ਮਨੀਲਾ ਤੋਂ ਭਾਰਤ ਲਿਆਉਣ ਲਈ ਕਾਗਜ਼ੀ ਕਾਰਵਾਈ ਵਿੱਚ ਜੁਟਿਆ ਹੋਇਆ ਹੈ। ਸਾਰੀਆਂ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਦੇਹ ਨੂੰ ਪੰਜਾਬ ਲਿਆਂਦਾ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH