
ਕੁਰਾਲੀ (ਮੋਹਾਲੀ), 11 ਮਈ (ਹਿੰ.ਸ.)| ਖੇਡ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸਪੋਰਟਸ ਪੰਜਾਬ ਦੇ ਆਦੇਸ਼ਾਂ ਅਨੁਸਾਰ ਸਾਲ 2026-27 ਦੌਰਾਨ ਪੀ.ਆਈ.ਐਸ. ਦੇ ਜ਼ਿਲ੍ਹਾ/ਸਬ ਸੈਂਟਰ ਆਫ਼ ਐਕਸੀਲੈਂਸ ਸਕੂਲਾਂ ਲਈ ਅੱਜ ਸਪੋਰਟਸ ਸਟੇਡੀਅਮ, ਸਿੰਘਪੁਰਾ ਰੋਡ, ਕੁਰਾਲੀ ਵਿਖੇ ਫੁੱਟਬਾਲ ਖੇਡ ਦੇ ਸਿਲੈਕਸ਼ਨ ਟਰਾਇਲਾਂ ਦਾ ਦੂਸਰਾ ਅਤੇ ਆਖਰੀ ਦਿਨ ਬਹੁਤ ਹੀ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਗਿਆ। ਅੱਜ ਦੇ ਟਰਾਇਲਾਂ ਵਿੱਚ 87 ਖਿਡਾਰੀਆਂ ਨੇ ਭਾਗ ਲੈ ਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਟਰਾਇਲ ਦੌਰਾਨ ਤਜਰਬੇਕਾਰ ਕੋਚਾਂ ਵੱਲੋਂ ਖਿਡਾਰੀਆਂ ਦੀ ਫਿਟਨੈੱਸ, ਖੇਡ ਕੁਸ਼ਲਤਾ ਅਤੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਗਿਆ।
ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ. ਨਗਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਅਗਲੇ ਪੜਾਅ ਲਈ ਤਿਆਰ ਕੀਤਾ ਜਾਵੇਗਾ ਤਾਂ ਜੋ ਉਹ ਪੰਜਾਬ ਦੀ ਨੁਮਾਇੰਦਗੀ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਖੇਡ ਵਿਭਾਗ ਵਚਨਬੱਧ ਹੈ। ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਗਈ। ਨਾਲ ਹੀ ਖਿਡਾਰੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਜਜ਼ਬੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਗਰਜੀਤ ਸਿੰਘ ਫੁੱਟਬਾਲ ਕੋਚ, ਦਫਤਰ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ. ਨਗਰ, ਚਰਨਪ੍ਰੀਤ ਸਿੰਘ ਫੁੱਟਬਾਲ ਕੋਚ, ਦਫਤਰ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ. ਨਗਰ, ਅਮਨਦੀਪ ਸਿੰਘ ਰੋਕੀ ਯੂਥ ਕਲੱਬ ਮੈਂਬਰ, ਗੁਰਸ਼ਰਨ ਸਿੰਘ ਸਮਾਜ ਸੇਵੀ, ਧਰਮਿੰਦਰ ਸਿੰਘ ਬੀ.ਐਸ.ਐਫ., ਨਰਿੰਦਰ ਸਿੰਘ ਰਾਜੂ, ਨਵਿੰਦਰ ਸਿੰਘ ਫੁੱਟਬਾਲ ਕੋਚ ਪਟਿਆਲਾ, ਮਨਪ੍ਰੀਤ ਸਿੰਘ ਅਧਿਆਪਕ ਮਾਡਲ ਸਕੂਲ ਖਰੜ ਅਤੇ ਕੁਲਦੀਪ ਸਿੰਘ ਅਧਿਆਪਕ ਖਾਲਸਾ ਸਕੂਲ ਕੁਰਾਲੀ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH