
ਚੰਡੀਗੜ੍ਹ, 11 ਮਈ (ਹਿੰ.ਸ.)| ਹਰਿਆਣਾਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਸਪੇਸ ਵਿਗਿਆਨ ਅਤੇ ਆਧੁਨਿਕ ਤਕਨੀਕਾਂ ਨਾਲ ਜੋੜਨ ਲਈ ਇੱਕ ਵੱਡੀ ਪਹਿਲ ਕੀਤੀ ਹੈ। ਸਰਕਾਰ ਵੱਲੋਂ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਸਿੱਖਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ “ਇੰਡੀਆ ਸਪੇਸ ਲੈਬ-ਸਮਰ ਇੰਟਰਨਸ਼ਿਪ ਅਤੇ ਟੈਕਨੀਕਲ ਟ੍ਰੇਨਿੰਗ ਪ੍ਰੋਗਰਾਮ-2026” ਵਿੱਚ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਸਥਿਤ ਇੰਡੀਆ ਸਪੇਸ ਲੈਬ ਦੁਆਰਾ ਚਲਾਇਆ ਜਾ ਰਿਹਾ ਇਹ ਪ੍ਰੋਗਰਾਮ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਅਧਿਆਪਕਾਂ ਨੂੰ ਪੁਲਾੜ ਵਿਗਿਆਨ ਅਤੇ ਨਵੀਨਤਮ ਤਕਨੀਕੀ ਖੇਤਰਾਂ ਵਿੱਚ ਵਿਵਹਾਰਕ ਸਿਖਲਾਈ ਪ੍ਰਦਾਨ ਕਰੇਗਾ।
ਰਾਜ ਸਰਕਾਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਪ੍ਰੋਗਰਾਮ ਦਾ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਜਾਵੇ ਅਤੇ ਇਸ ਦੀ ਜਾਣਕਾਰੀ ਵਿਭਾਗੀ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਉਪਲਬਧ ਕਰਵਾਈ ਜਾਵੇ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਸ ਮੌਕੇ ਦਾ ਲਾਭ ਲੈ ਸਕਣ।
ਪ੍ਰੋਗਰਾਮ ਤਹਿਤ ਭਾਗੀਦਾਰਾਂ ਨੂੰ ਐਡਵਾਂਸ ਡਰੋਨ ਟੈਕਨਾਲੋਜੀ, ਕੈਨਸੈਟ ਅਤੇ ਕਿਊਬਸੈਟ, ਰੌਕਟ ਵਿਗਿਆਨ, ਰਿਮੋਟ ਸੈਂਸਿੰਗ, ਜੀ.ਆਈ.ਐੱਸ., ਡਿਜ਼ਾਸਟਰ ਮੈਨੇਜਮੈਂਟ ਅਤੇ ਸੈਟੇਲਾਈਟ ਸਿਸਟਮ ਵਰਗੇ ਵਿਸ਼ਿਆਂ ‘ਤੇ ਸਿਖਲਾਈ ਦਿੱਤੀ ਜਾਵੇਗੀ। ਇਹ ਸਾਰੀ ਸਿਖਲਾਈ ਆਨਲਾਈਨ ਮਾਧਿਅਮ ਰਾਹੀਂ ਕਰਵਾਈ ਜਾਵੇਗੀ, ਜਿਸ ਵਿੱਚ ਮਾਹਿਰਾਂ ਵੱਲੋਂ ਲਾਈਵ ਸੈਸ਼ਨ ਵੀ ਲਏ ਜਾਣਗੇ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੱਖ-ਵੱਖ ਪੁਲਾੜ ਪ੍ਰੋਜੈਕਟਾਂ, ਵਿਗਿਆਨਕ ਪ੍ਰਯੋਗਾਂ ਅਤੇ ਆਧੁਨਿਕ ਤਕਨੀਕੀ ਉਪਕਰਣਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਕੋਰਸ ਪੂਰਾ ਕਰਨ ਵਾਲੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ।
ਇਸ ਪ੍ਰੋਗਰਾਮ ਵਿੱਚ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਵਿਦਿਆਰਥੀ ਅਤੇ ਖੋਜਕਰਤਾ ਹਿੱਸਾ ਲੈ ਸਕਣਗੇ। ਦੂਜੇ ਬੈਚ ਲਈ 10 ਜੂਨ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ, ਜਦਕਿ ਕਲਾਸਾਂ 17 ਜੂਨ ਤੋਂ 4 ਜੁਲਾਈ ਤੱਕ ਚੱਲਣਗੀਆਂ। ਕੁੱਲ 2315 ਸੀਟਾਂ ਉਪਲਬਧ ਹਨ। ਰਜਿਸਟ੍ਰੇਸ਼ਨ ਫੀਸ 950 ਰੁਪਏ ਰੱਖੀ ਗਈ ਹੈ, ਜਦਕਿ ਸਿਖਲਾਈ ਲਈ ਵੱਖਰੀ ਕੋਈ ਫੀਸ ਨਹੀਂ ਲਈ ਜਾਵੇਗੀ।
ਸਰਕਾਰ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨਾਂ ਨੂੰ ਭਵਿੱਖ ਦੀਆਂ ਤਕਨੀਕਾਂ ਨਾਲ ਜੋੜਨ ਦੇ ਨਾਲ-ਨਾਲ ਰੁਜ਼ਗਾਰ, ਖੋਜ ਅਤੇ ਸਟਾਰਟਅੱਪ ਦੇ ਨਵੇਂ ਮੌਕੇ ਵੀ ਪ੍ਰਦਾਨ ਕਰਨਗੇ।
ਹਿੰਦੂਸਥਾਨ ਸਮਾਚਾਰ / GURSHARAN SINGH