
ਚੰਡੀਗੜ੍ਹ, 11 ਮਈ (ਹਿੰ.ਸ.)| ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅੱਜ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਇਹ ਜਵਾਬ ਦਾਖਲ ਕੀਤਾ ਜਾਵੇਗਾ ਕਿ ਉਨ੍ਹਾਂ ਖ਼ਿਲਾਫ ਕੋਈ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਸੋਮਵਾਰ ਤੱਕ ਸੰਦੀਪ ਪਾਠਕ ਖ਼ਿਲਾਫ ਕਿਸੇ ਵੀ ਕਿਸਮ ਦੀ ਕਾਰਵਾਈ 'ਤੇ ਰੋਕ ਲਗਾਈ ਗਈ ਸੀ। ਪਾਠਕ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ ਦਰਜ ਕੀਤੀਆਂ ਐਫਆਈਆਰਾਂ ਦੀ ਕਾਪੀ ਦਿੱਤੀ ਜਾਵੇ।
ਪਟੀਸ਼ਨ ਵਿੱਚ ਸੰਦੀਪ ਪਾਠਕ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਮੀਡੀਆ ਵਿੱਚ ਇਹ ਖ਼ਬਰਾਂ ਸਾਹਮਣੇ ਆਈਆਂ ਕਿ ਉਨ੍ਹਾਂ ਖ਼ਿਲਾਫ ਦੋ ਐਫਆਈਆਰਾਂ ਗੈਰਜ਼ਮਾਨਤੀ ਧਾਰਾਵਾਂ ਹੇਠ ਦਰਜ ਕੀਤੀਆਂ ਗਈਆਂ ਹਨ, ਪਰ ਉਨ੍ਹਾਂ ਨੂੰ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਪੁਲਿਸ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਅਦਾਲਤ ਕੋਲ ਮੰਗ ਕੀਤੀ ਹੈ ਕਿ ਦੱਸਿਆ ਜਾਵੇ ਕਿ ਇਹ ਐਫਆਈਆਰ ਕਿੱਥੇ ਦਰਜ ਹੋਈਆਂ ਹਨ ਅਤੇ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਸੰਦੀਪ ਪਾਠਕ ਨੇ ਇਹ ਵੀ ਦਲੀਲ ਦਿੱਤੀ ਕਿ ਉਨ੍ਹਾਂ ਵੱਲੋਂ ਕੋਈ ਗਲਤ ਕੰਮ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਖ਼ਿਲਾਫ ਕਿਸ ਅਧਾਰ 'ਤੇ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੇ ਮੁਤਾਬਕ, ਜਦੋਂ ਇਹ ਜਾਣਕਾਰੀ ਸਾਹਮਣੇ ਆਈ ਤਾਂ ਉਹ ਦਿੱਲੀ ਵਿੱਚ ਆਪਣੇ ਘਰ ਵਿੱਚ ਮੌਜੂਦ ਸਨ ਅਤੇ ਗ੍ਰਿਫਤਾਰੀ ਦੇ ਡਰ ਕਰਕੇ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਗਏ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH