
ਲੁਧਿਆਣਾ, 11 ਮਈ (ਹਿੰ.ਸ.)| ਲੁਧਿਆਣਾ ਦੇ ਨਿਊ ਅਗਰ ਨਗਰ ਇਲਾਕੇ ਵਿੱਚ ਐਤਵਾਰ ਦੇਰ ਰਾਤ ਇੱਕ ਰਿਟਾਇਰਡ ਫੌਜੀ ਪਿਤਾ ਸੁਰਿੰਦਰ ਸਿੰਘ ਨੇ ਆਪਣੇ ਇਕੱਲੇ ਪੁੱਤਰ ਗੁਰਸ਼ਰਨ ਸਿੰਘ ਉਰਫ ਗਿੰਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਨੇ ਖੁਦ ਵੀ ਜ਼ਹਿਰ (ਸਲਫਾਸ) ਨਿਗਲ ਲਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ। ਦੋਹਾਂ ਪਿਤਾ-ਪੁੱਤਰ ਵਿੱਚ ਘਰੇਲੂ ਵਿਵਾਦ ਚੱਲ ਰਿਹਾ ਸੀ। ਬਹਿਸ ਦੌਰਾਨ ਸੁਰਿੰਦਰ ਸਿੰਘ ਨੇ ਆਪਣੀ ਲਾਇਸੈਂਸੀ 12 ਬੋਰ ਦੋਨਾਲੀ ਬੰਦੂਕ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੀ ਗੋਲੀ ਘਰ ਅੰਦਰ ਚੱਲੀ, ਜੋ ਗੁਰਸ਼ਰਨ ਦੀ ਬਾਹ ਵਿੱਚ ਲੱਗੀ। ਉਹ ਆਪਣੀ ਜਾਨ ਬਚਾਉਣ ਲਈ ਘਰ ਤੋਂ ਬਾਹਰ ਭੱਜਿਆ ਅਤੇ ਮਦਦ ਲਈ ਚੀਕਾਂ ਮਾਰਦਾ ਰਿਹਾ।
ਪਿਤਾ ਨੇ ਬੰਦੂਕ ਲੈ ਕੇ ਉਸ ਦਾ ਪਿੱਛਾ ਕੀਤਾ ਅਤੇ ਗਲੀ ਵਿੱਚ ਲਗਾਤਾਰ ਫਾਇਰਿੰਗ ਕੀਤੀ। ਕੁਝ ਹੀ ਸਮੇਂ ਵਿੱਚ ਗੁਰਸ਼ਰਨ ਨੂੰ ਹੋਰ ਗੋਲੀਆਂ ਲੱਗੀਆਂ ਅਤੇ ਉਹ ਸੜਕ 'ਤੇ ਡਿੱਗ ਗਿਆ। ਇਸ ਤੋਂ ਬਾਅਦ ਪਿਤਾ ਨੇ ਹੋਰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਵਾਰਦਾਤ ਤੋਂ ਬਾਅਦ ਸੁਰਿੰਦਰ ਸਿੰਘ ਘਰ ਵਾਪਸ ਆ ਗਿਆ ਅਤੇ ਲਗਭਗ 10 ਮਿੰਟ ਵਿੱਚ ਹੀ ਸਲਫਾਸ ਨਿਗਲ ਲਿਆ। ਪੜੋਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਦੋਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਪੁੱਤਰ ਨੂੰ ਮੌਕੇ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਜਦਕਿ ਪਿਤਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਪਰਿਵਾਰਕ ਮੈਂਬਰਾਂ ਅਨੁਸਾਰ ਦੋਹਾਂ ਵਿਚਕਾਰ ਪਿਛਲੇ ਤਿੰਨ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਮਾਤਾ ਦੀ ਮੌਤ ਤੋਂ ਬਾਅਦ ਸੁਰਿੰਦਰ ਸਿੰਘ ਕਿਸੇ ਹੋਰ ਮਹਿਲਾ ਨਾਲ ਵਿਆਹ ਕਰਨਾ ਚਾਹੁੰਦਾ ਸੀ, ਜਿਸਦਾ ਗੁਰਸ਼ਰਨ ਵਿਰੋਧ ਕਰਦਾ ਸੀ। ਇਸ ਗੱਲ ਨੂੰ ਲੈ ਕੇ ਅਕਸਰ ਘਰ ਵਿੱਚ ਤਣਾਅ ਬਣਿਆ ਰਹਿੰਦਾ ਸੀ।
ਗੁਰਸ਼ਰਨ ਸਿੰਘ ਇੱਕ ਡਰਾਈਵਰ ਸੀ ਅਤੇ ਅਣਵਿਆਹਿਆ ਸੀ। ਉਸ ਦੀਆਂ ਦੋ ਭੈਣਾਂ ਵਿਦੇਸ਼ ਵਿੱਚ ਰਹਿੰਦੀਆਂ ਹਨ ਇੱਕ ਇੰਗਲੈਂਡ ਅਤੇ ਦੂਜੀ ਕੈਨੇਡਾ ਵਿੱਚ। ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਇਸੈਂਸੀ ਹਥਿਆਰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਸਰਾਭਾ ਨਗਰ ਦੇ ਜਾਂਚ ਅਧਿਕਾਰੀ ਅਮਨਦੀਪ ਸਿੰਘ ਮੁਤਾਬਿਕ ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH