
ਚੰਡੀਗੜ੍ਹ, 11 ਮਈ (ਹਿੰ.ਸ.)| ਪਠਾਨਕੋਟ ਵਿੱਚ ਤਾਰਾਗੜ੍ਹ ਪੁਲਿਸ ਅਤੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਐਤਵਾਰ ਦੇਰ ਰਾਤ ਸਵਿਫਟ ਕਾਰ ਸਵਾਰ 3 ਨੌਜਵਾਨਾਂ ਨੂੰ 2 ਪਿਸਤੌਲ ਅਤੇ 3 ਰੌਂਦ ਸਮੇਤ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 4 ਲੋਕਾਂ ਖ਼ਿਲਾਫ ਕੇਸ ਦਰਜ ਕੀਤਾ ਹੈ। ਡੀ.ਐਸ.ਪੀ. (ਡੀ) ਵਿਪਿਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਕਜ ਉਰਫ ਜੈਕ, ਸ਼ਾਮ ਉਰਫ ਬਾਬਾ ਅਤੇ ਸੌਰਭ ਸਵਿਫਟ ਕਾਰ ਵਿੱਚ ਹਥਿਆਰਾਂ ਸਮੇਤ ਘੁੰਮ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਅੱਡਾ ਕਾਨਵਾਂ ਪਹੁੰਚੀ, ਜਿੱਥੇ ਸੜਕ ਕਿਨਾਰੇ ਖੜੀ ਕਾਰ ਵਿੱਚੋਂ ਤਿੰਨਾਂ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਕਾਰ ਵਿੱਚੋਂ 2 ਪਿਸਤੌਲਾਂ ਅਤੇ 3 ਰੌਂਦ ਬਰਾਮਦ ਹੋਏ।
ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁੱਖ ਦੋਸ਼ੀ ਪੰਕਜ ਨੇ ਇੱਕ ਪਿਸਤੌਲ ਨਿਖਿਲ ਸ਼ਰਮਾ ਤੋਂ ਖਰਿਦਿਆ ਸੀ। ਦੂਜਾ ਪਿਸਤੌਲ ਕਾਰ ਦੀ ਸੀਟ ਦੇ ਪਿੱਛੇ ਲੁਕਾਇਆ ਹੋਇਆ ਸੀ, ਜਿਸਨੂੰ ਸ਼ਾਮ ਉਰਫ ਬਾਬਾ ਨੇ ਬਾਹਰ ਕੱਢਿਆ।
ਪੁਲਿਸ ਮੁਤਾਬਕ ਇਹ ਤਿੰਨੇ ਨੌਜਵਾਨ ਟਾਰਗੇਟ ਕਿਲਿੰਗ, ਜਬਰਦਸਤੀ ਵਸੂਲੀ ਅਤੇ ਲੁੱਟਖੋਹ ਵਰਗੀਆਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਨ ਅਤੇ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੀਆਂ ਪਿਸਤੌਲਾਂ ਗਲੋਕ-19 ਮਾਡਲ ਦੀਆਂ ਹਨ, ਜੋ ਅਮਰੀਕਾ ਵਿੱਚ ਬਣੀਆਂ ਹਨ ਅਤੇ ਇਨ੍ਹਾਂ ਨੂੰ ਪਾਕਿਸਤਾਨ ਰਾਹੀਂ ਮੰਗਵਾਇਆ ਗਿਆ ਸੀ।
ਤਾਰਾਗੜ੍ਹ ਥਾਣੇ ਵਿੱਚ ਪੰਕਜ ਉਰਫ ਜੈਕ, ਸ਼ਾਮ ਉਰਫ ਬਾਬਾ, ਸੌਰਭ ਅਤੇ ਨਿਖਿਲ ਸ਼ਰਮਾ ਖ਼ਿਲਾਫ ਆਰਮਜ਼ ਐਕਟ ਦੀਆਂ ਧਾਰਾਵਾਂ 25/54/59 ਅਤੇ ਬੀਐਨਐਸ ਧਾਰਾ 111 ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਦੋਸ਼ੀਆਂ ਦਾ ਅਪਰਾਧਿਕ ਰਿਕਾਰਡ ਵੀ ਹੈ। ਪੰਕਜ ਉਰਫ ਜੈਕ ਖ਼ਿਲਾਫ ਪਹਿਲਾਂ ਤੋਂ 3 ਮਾਮਲੇ ਦਰਜ ਹਨ, ਜਦਕਿ ਸ਼ਾਮ ਉਰਫ ਬਾਬਾ ਖ਼ਿਲਾਫ ਵੀ ਐਨਡੀਪੀਐਸ ਅਤੇ ਆਰਮਜ਼ ਐਕਟ ਦੇ ਕੇਸ ਦਰਜ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਹਥਿਆਰ ਕਿੱਥੋਂ ਆਏ ਅਤੇ ਕਿਹੜੇ ਲੋਕਾਂ ਤੱਕ ਪਹੁੰਚਾਏ ਜਾਣੇ ਸਨ ਅਤੇ ਕੀ ਇਨ੍ਹਾਂ ਦੇ ਪਾਕਿਸਤਾਨੀ ਸੰਗਠਨਾਂ ਨਾਲ ਕੋਈ ਸਬੰਧ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH