
ਮੋਹਾਲੀ, 12 ਮਈ (ਹਿੰ.ਸ.)| ਮੋਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਵਫਦ ਵਲੋਂ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਦੀ ਅਗਵਾਈ ਹੇਠ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਾਂਸਦ ਮਾਲਵਿੰਦਰ ਸਿੰਘ ਕੰਗ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟਸ ਐੱਡ ਡ੍ਰਗਿਸਟ ਵਲੋੱ 20 ਮਈ ਨੂੰ ਕੀਤੇ ਜਾ ਰਹੇ ਦੇਸ਼ ਵਿਆਪੀ ਬੰਦ ਦੀ ਅਗਾਊੱ ਸੂਚਨਾ ਸੰਬੰਧੀ ਪੱਤਰ ਸੌਂਪਿਆ ਗਿਆ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਦੇ 27000 ਤੋਂ ਵੱਧ ਕੈਮਿਸਟਾਂ ਅਤੇ ਵਿਤਰਕਾਂ ਦੀ ਨੁਮਾਇੰਦਗੀ ਕਰਦੀ ਆਲ ਇੰਡੀਆ ਆਰਗੇਨਾਈਜੇਸ਼ਨ ਵਲੋਂ ਜਨਤਕ ਸਿਹਤ ਅਤੇ ਛੋਟੇ ਫਾਰਮਾਸਿਟਿਕਲ ਵਪਾਰੀਆਂ ਦੇ ਹਿੱਤਾਂ ਲਈ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਸੰਬੰਧੀ ਵੱਖ-ਵੱਖ ਅਧਿਕਾਰੀਆਂ ਨੂੰ ਵਾਰ ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਈ- ਫਾਰਮੇਸੀਆਂ ਵਲੋਂ ਗੈਰਕਾਨੂੰਨੀ ਅਤੇ ਬੇਕਾਬੂ ਤਰੀਕੇ ਨਾਲ ਕੀਤੇ ਜਾਂਦੇ ਸੰਚਾਲਨ ਨਾਲ ਆਮ ਕੈਮਿਸਟਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ। ਪੱਤਰ ਵਿੱਚ ਕਿਹਾ ਗਿਆ ਹੈ ਕਿ ਆਨਲਾਈਨ ਦਵਾਈ ਪਲੇਟਫਾਰਮਾਂ ਦੇ ਬੇਰੋਕ ਵਾਧੇ ਨੇ ਡਰੱਗ ਕਾਨੂੰਨਾਂ ਅਤੇ ਮਰੀਜ਼ਾਂ ਦੀ ਸੁਰੱਖਿਆ ਦੇ ਨਿਯਮਾਂ ਦੀ ਖੁੱਲੀ ਉਲੰਘਣਾ ਕੀਤੀ ਹੈ, ਜਿਸ ਵਿੱਚ ਸਹੀ ਨੁਸਖ਼ੇ ਦੀ ਤਸਦੀਕ ਤੋਂ ਬਿਨਾਂ ਦਵਾਈਆਂ ਦੀ ਵਿਕਰੀ, ਨੁਸਖ਼ਿਆਂ ਦੀ ਮੁੜ ਵਰਤੋਂ ਅਤੇ ਜਾਅਲਸਾਜ਼ੀ, ਐੱਟੀਬਾਇਓਟਿਕਸ ਅਤੇ ਆਦਤ ਬਣਾਉਣ ਵਾਲੀਆਂ ਦਵਾਈਆਂ ਤੱਕ ਬੇਰੋਕ ਪਹੁੰਚ ਸ਼ਾਮਲ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਦਵਾਈਆਂ ਆਮ ਵਸਤੂਆਂ ਨਹੀਂ ਹਨ, ਉਹਨਾਂ ਦੀ ਵਿਕਰੀ ਅਤੇ ਸਾਂਭ ਸੰਭਾਲ ਲਈ ਸਖ਼ਤ ਨਿਯਮਾਂ ਅਤੇ ਪੇਸ਼ੇਵਰ ਨਿਗਰਾਨੀ ਦੀ ਲੋੜ ਹੁੰਦੀ ਹੈ। ਇਸ ਪ੍ਰਣਾਲੀ ਦਾ ਕਮਜ਼ੋਰ ਹੋਣਾ ਜਨਤਕ ਸਿਹਤ ਲਈ ਸਿੱਧਾ ਖ਼ਤਰਾ ਪੈਦਾ ਕਰਦਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਐਮਰਜੈਂਸੀ ਦੌਰਾਨ ਸਰਕਾਰ ਵਲੋੱ ਆਨਲਾਈਨ ਫਾਰੇਮਸੀਆਂ ਨੂੰ ਕਈ ਛੋਟਾਂ ਦਿੱਤੀਆਂ ਗਈਆਂ ਸਨ ਪਰੰਤੂ ਇਹਨਾਂ ਛੋਟਾਂ ਨੂੰ ਵਾਪਸ ਨਹੀਂ ਲਿਆ ਗਿਆ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਉਪਰੋਕਤ ਦੇ ਮੱਦੇਨਜ਼ਰ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਭਾਰਤ ਸਰਕਾਰ ਕੋਲ ਉਠਾ ਕੇ ਗੈਰ-ਕਾਨੂੰਨੀ ਈ-ਫਾਰਮੇਸੀਆਂ ਦੁਆਰਾ ਪੈਦਾ ਹੋਣ ਵਾਲੇ ਗੰਭੀਰ ਜੋਖਮਾਂ ਨੂੰ ਉਜਾਗਰ ਕਰਦੇ ਹੋਏ ਸਬੰਧਤ ਮੰਤਰਾਲਿਆਂ ਨੂੰ ਲਿਖਿਆ ਜਾਵੇ। ਇਸ ਮੌਕੇ ਚੇਅਰਮੈਨ ਸਤਪਾਲ ਅਨੰਦ, ਜਨਰਲ ਸਕੱਤਰ ਵਿਕਰਮਜੀਤ ਸਿੰਘ ਠਾਕੁਰ, ਜਤਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮਦਨ ਪਾਉਲ ਗਰਗ ਅਤੇ ਹੋਰ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH