
ਮੋਹਾਲੀ, 12 ਮਈ (ਹਿੰ.ਸ.)| ਅਣਪਛਾਤੇ ਚੋਰਾਂ ਵਲੋਂ ਬੀਤੀ ਰਾਤ ਸੈਕਟਰ 82 ਦੇ ਅਲਫ਼ਾ, ਆਈ.ਟੀ. ਸਿਟੀ ਮੋਹਾਲੀ ਦੇ ਡੀ ਬਲਾਕ ਤੋਂ ਤਿੰਨ ਟ੍ਰਾਂਸਫਾਰਮਰ ਚੋਰੀ ਕਰ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਸਜੇਵੀ ਆਗੂ ਨਸੀਬ ਸਿੰਘ ਸੰਧੂ ਨੇ ਦੱਸਿਆ ਕਿ ਚੋਰਾਂ ਵਲੋਂ ਬੀਤੀ ਰਾਤ ਐਮਿਟੀ ਯੂਨੀਵਰਸਿਟੀ ਦੀ ਸੜਕ ਦੇ ਸਥਾਪਿਤ ਤਿੰਨ ਟ੍ਰਾਂਸਫਾਰਮਰਾਂ ਦੇ ਬਕਸੇੇਖੋਲ੍ਹ ਕੇ ਉਹਨਾਂ ਵਿੱਚ ਲੱਗਿਆ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਚੋਰਾਂ ਵਲੋਂ ਬਿਜਲੀ ਸਪਲਾਈ ਬੰਦ ਕਰਕੇ ਇਹ ਸਾਮਾਨ ਚੋਰੀ ਕੀਤਾ ਗਿਆ ਹੈ ਅਤੇ ਇਸ ਕਾਰਨ ਡੀ ਬਲਾਕ ਵਿੱਚ ਪੂਰੀ ਰਾਤ ਬਿਜਲੀ ਨਹੀਂ ਆਈ।
ਉਹਨਾਂ ਕਿਹਾ ਕਿ ਚੋਰਾਂ ਵੱਲੋੱ ਜਿਸ ਤਰੀਕੇ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਉਸ ਨਾਲ ਸਾਫ ਜਾਹਿਰ ਹੁੰਦਾ ਹੈ ਕਿ ਉਨ੍ਹਾਂ ਨੂੰ ਟ੍ਰਾਂਸਫਾਰਮਰਾਂ ਨੂੰ ਬੰਦ ਕਰਨ ਅਤੇ ਆਸਾਨੀ ਨਾਲ ਉਪਕਰਣ ਚੋਰੀ ਕਰਨ ਦਾ ਪੂਰਾ ਗਿਆਨ ਸੀ।
ਇਸ ਮੌਕੇ ਵਸਨੀਕਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਆਈ ਟੀ ਸਿਟੀ ਦੇ ਖੇਤਰ ਵਿੱਚ ਚੋਰਾਂ ਤਾ ਆਤੰਕ ਲਗਾਤਾਰ ਵੱਧ ਰਿਹਾ ਹੈ। ਪਰੰਤੂ ਬਿਜਲੀ ਸਪਲਾਈ ਲਈ ਲੱਗੇ ਅਤਿ ਆਧੁਨਿਕ ਟ੍ਰਾਂਸਫਾਰਮਰਾਂ ਦੇ ਮਹਿੰਗੇ ਪੁਰਜੇ ਚੋਰੀ ਕਰਨ ਵਾਲੀ ਇਹ ਵਾਰਦਾਤ ਬਹੁਤ ਵੱਖਰੇ ਕਿਸਮ ਦੀ ਹੈ ਅਤੇ ਇਹ ਕੰਮ ਬਿਜਲੀ ਸੰਚਾਲਨ ਵਾਲੇ ਟ੍ਰਾਂਸਫਾਰਮਰਾਂ ਨੂੰ ਸੰਭਾਲਣ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਲੋਕਾਂ ਵਲੋਂ ਕੀਤਾ ਗਿਆ ਹੈ।
ਵਸਨੀਕਾਂ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਆਈ.ਟੀ. ਸਿਟੀ ਵਿਖੇ ਐਸ.ਐਚ.ਓ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਚੋਰੀ ਦੀਆਂ ਇਹਨਾਂ ਵਾਰਦਾਤਾਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH