


ਚੰਡੀਗੜ੍ਹ, 15 ਮਈ (ਹਿੰ.ਸ.)। ਪੰਜਾਬ ਦੇ ਹੁਸ਼ਿਆਰਪੁਰ ਦੇ ਚੱਕ ਸਮਾਣਾ ਪਿੰਡ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਚਾਰ ਸਾਲਾ ਬੱਚੇ ਗੁਰਕਰਨ ਸਿੰਘ (ਵੰਸ਼ੂ) ਦੇ ਡੂੰਘੇ ਬੋਰਵੈੱਲ ਵਿੱਚ ਡਿੱਗਣ ਨਾਲ ਹੜਕੰਪ ਮੱਚ ਗਿਆ। ਕਰੀਬ 90 ਫੁੱਟ ਡੂੰਘੇ ਬੋਰ ’ਚ ਫਸੇ ਬੱਚੇ ਨੂੰ ਸੁਰੱਖਿਅਤ ਕੱਢਣ ਲਈ ਵੱਡੇ ਪੱਧਰ 'ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਅਤੇ ਪਿੰਡ ਵਾਸੀ ਬੱਚੇ ਨੂੰ ਸੁਰੱਖਿਅਤ ਕੱਢਣ ਲਈ ਕੰਮ ਕਰ ਰਹੇ ਹਨ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸ.ਐੱਸ. ਪੀ. ਸੰਦੀਪ ਮਲਿਕ ਸਮੇਤ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਮੌਕੇ 'ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
ਬੋਰਵੈੱਲ ਵਿੱਚ ਡਿੱਗਣ ਵਾਲੇ ਬੱਚੇ ਦੀ ਪਛਾਣ ਗੁਰਕਰਨ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਚੱਕ ਸਮਾਣਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਇਲਾਕੇ ’ਚ ਨੇੜੇ ਹੀ ਰਹਿੰਦਾ ਹੈ, ਜਿੱਥੇ ਉਹ ਬੋਰਵੈੱਲ ਵਿੱਚ ਡਿੱਗਿਆ ਹੈ। ਅੱਜ ਸ਼ਾਮ ਕਰੀਬ ਸਾਢੇ 4 ਵਜੇ ਜਦੋਂ ਬੱਚਾ ਖੇਡ ਰਿਹਾ ਸੀ ਤਾਂ ਉਹ ਅਚਾਨਕ ਅੰਦਰ ਡਿੱਗ ਪਿਆ। ਉੱਥੇ ਮੌਜੂਦ ਲੋਕਾਂ ਨੇ ਸਾਰਿਆਂ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ, ਪੁਲਿਸ ਅਤੇ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੇ ਵਲੰਟੀਅਰਾਂ ਨੇ ਪਿੰਡ ਵਾਸੀਆਂ ਨਾਲ ਮਿਲਕੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਆਧੁਨਿਕ ਉਪਕਰਨਾਂ ਨਾਲ ਲੈਸ ਹੁਸ਼ਿਆਰਪੁਰ ਤੋਂ ਫਾਇਰ ਫਾਈਟਰ ਅਤੇ ਵਿਸ਼ੇਸ਼ ਬਚਾਅ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਅਤੇ ਜੰਗੀ ਪੱਧਰ 'ਤੇ ਕੰਮ ਕਰ ਰਹੀਆਂ ਹਨ।
ਜਾਣਕਾਰੀ ਅਨੁਸਾਰ ਬੱਚਾ ਪਹਿਲਾਂ ਕਰੀਬ 25 ਫੁੱਟ ’ਤੇ ਫਸਿਆ ਹੋਇਆ ਸੀ, ਪਰ ਜੀ.ਸੀ.ਬੀ. ਨਾਲ ਮਿੱਟੀ ਹਟਾਉਂਦੇ ਸਮੇਂ ਬੱਚਾ ਹੋਰ ਹੇਠਾਂ ਖਿਸਕ ਗਿਆ। ਹੁਣ ਬੱਚਾ ਲਗਭਗ 50 ਫੁੱਟ ਦੀ ਡੂੰਘਾਈ 'ਤੇ ਪਾਈਪ ਦੇ ਵਿਚਕਾਰ ਫਸਿਆ ਹੋਇਆ ਦੱਸਿਆ ਜਾ ਰਿਹਾ। ਬੱਚੇ ਨੂੰ ਪਾਈਪਾਂ ਰਾਹੀਂ ਲਗਾਤਾਰ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ, ਜਦੋਂ ਕਿ ਉਸਦੀ ਹਾਲਤ ਦੀ ਨਿਗਰਾਨੀ ਲਈ ਕੈਮਰੇ ਵੀ ਸੈੱਟ ਕੀਤੇ ਗਏ ਹਨ। ਬੱਚੇ ਤੱਕ ਸੁਰੱਖਿਅਤ ਪਹੁੰਚਣ ਲਈ ਜੇਸੀਬੀ ਮਸ਼ੀਨਾਂ ਬੋਰਵੈੱਲ ਦੇ ਸਮਾਨਾਂਤਰ ਟੋਆ ਪੁੱਟ ਰਹੀਆਂ ਹੈ। ਟ੍ਰੈਕਟਰਾਂ ਦੀ ਮਦਦ ਨਾਲ ਮਿੱਟੀ ਨੂੰ ਹਟਾਇਆ ਜਾ ਰਿਹਾ ਹੈ। ਮੌਕੇ ‘ਤੇ ਐਂਬੂਲੈਂਸਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
ਇਸ ਦੌਰਾਨ ਕੈਬਨਿਟ ਡਾ. ਰਵਜੋਤ ਸਿੰਘ ਅਤੇ ਸਾਂਸਦ ਰਾਜ ਕੁਮਾਰ ਚੱਬੇਵਾਲ ਵੀ ਮੌਕੇ ’ਤੇ ਮੌਜੂਦ ਹਨ। ਚੱਬੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਬੋਰਵੈੱਲ ਹਾਲ ਹੀ ਵਿੱਚ ਮੁਕੰਮਲ ਕੀਤਾ ਗਿਆ ਸੀ, ਉਸ ਵਿੱਚ ਅੱਜ ਇੱਕ ਬੱਚਾ ਡਿੱਗ ਗਿਆ। ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਬਚਾਅ ਮੁਹਿੰਮ ਵਿੱਚ ਕਾਮਯਾਬ ਰਹਾਂਗੇ। ਡਾਕਟਰੀ ਟੀਮਾਂ ਵੀ ਪੂਰੀ ਤਰ੍ਹਾਂ ਤਿਆਰ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਜਲਦੀ ਹੀ ਬੱਚੇ ਤੱਕ ਪਹੁੰਚ ਬਣਾਈ ਜਾਵੇਗੀ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਬੱਚਾ ਸੁਰੱਖਿਅਤ ਬਾਹਰ ਆਵੇ ਅਤੇ ਸਾਡੀਆਂ ਕੋਸ਼ਿਸ਼ਾਂ ਸਫਲ ਹੋਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ