
ਹੁਸ਼ਿਆਰਪੁਰ, 15 ਮਈ (ਹਿੰ.ਸ.)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋ ਚੋਣਾਂ ਖਤਮ ਹੁੰਦਿਆਂ ਹੀ ਫਿਰ ਤੋਂ ਆਮ ਜਨਤਾ ਊਪਰ ਮਹਿੰਗਾਈ ਦਾ ਬੋਝ ਪਾ ਦਿੱਤਾ ਹੈ। ਇਸ ਤੋਂ ਇਹ ਸਾਫ ਦਿਸਦਾ ਹੈ ਕਿ ਇਹ ਸਰਾਸਰ ਮੋਦੀ ਸਰਕਾਰ ਦੀ ਰਾਜਨੀਤਿਕ ਖੇਡ ਸੀ।
ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਭਾਜਪਾ ਵੱਲੋਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 3 ਰੁਪਏ ਅਤੇ ਸੀ.ਐਨ.ਜੀ ਦੀ ਕੀਮਤ ਵਿੱਚ 2 ਰੁਪਏ ਵਾਧਾ ਕਰਕੇ ਦੇਸ਼ ਭਰ ਵਿੱਚ ਮਹਿੰਗਾਈ ਨੂੰ ਸੱਦਾ ਦਿੱਤਾ ਗਿਆ ਹੈ ਤੇ ਵੱਡੀਆਂ ਕੰਪਨੀਆਂ ਨੂੰ ਫਾਇਦਾ ਦੇਣ ਲਈ ਤੇਲ ਦੀਆਂ ਕੀਮਤਾਂ ਵਧਾ ਕੇ ਉਸਦੀ ਵਸੂਲੀ ਆਮ ਜਨਤਾ ਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਐਡਵੋਕੇਟ ਜੋਸ਼ੀ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਹੋਰ ਵਧੇਗੀ ਅਤੇ ਇਸ ਨਾਲ ਟਰਾਂਸਪੋਰਟ, ਖੇਤੀ ਅਤੇ ਘਰੇਲੂ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਜਾਵੇਗਾ।
ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਭਾਜਪਾ ਦੀ ਨੀਤੀ ਹਮੇਸ਼ਾਂ ਲੋਕ ਮਾਰੂ ਰਹੀ ਹੈ। ਇਨ੍ਹਾਂ ਦਾ ਕੰਮ ਜਨਤਾ ਨਾਲ ਝੂਠ ਬੋਲ ਕੇ ਸੱਤਾ ਹਾਸਿਲ ਕਰਨਾ ਹੈ ਤੇ ਵੱਡੇ ਉਦਯੋਗਿਕ ਵਰਗ ਨਾਲ ਸਾਂਝ ਪਾ ਕੇ ਉਨ੍ਹਾਂ ਨੂੰ ਫਾਇਦਾ ਦੇਣਾ ਹੈ ਤੇ ਗਰੀਬ ਜਨਤਾ ਨੂੰ ਲੁੱਟਣਾ ਹੈ। ਜੋਸ਼ੀ ਨੇ ਕਿਹਾ ਕਿ ਕਾਂਗਰਸ ਪਾਰਟੀ ਤੇਲ ਦੀਆਂ ਕੀਮਤਾਂ ਦੇ ਵਾਧੇ ਦਾ ਵਿਰੋਧ ਕਰਦੀ ਹੈ ਅਤੇ ਉਹ ਤੇਲ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ ’ਚ ਆਪਣਾ ਸੰਘਰਸ਼ ਜਾਰੀ ਰੱਖਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ