
ਚੰਡੀਗੜ੍ਹ, 21 ਮਈ (ਹਿੰ.ਸ.)| ਮਨੀਮਾਜਰਾ ਸਥਿਤ ਸ਼ਿਵ ਠਾਕੁਰਦੁਆਰਾ ਮੰਦਰ ਨੇੜੇ ਬਣੀ ਮਾਰਕੀਟ ਵਿੱਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੋ ਭਰਾਵਾਂ ‘ਤੇ ਚਾਕੂਆਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਦੁਕਾਨਦਾਰ ਭਰਾਵਾਂ ਨੇ ਇੱਕ ਨੌਜਵਾਨ ਨੂੰ ਉਧਾਰ ਵਿੱਚ ਸਮਾਨ ਦੇਣ ਤੋਂ ਇਨਕਾਰ ਕਰ ਦਿੱਤਾ।
ਹਮਲੇ ਵਿੱਚ ਦੋਵੇਂ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ 23 ਸਾਲਾ ਓਸਾਮਾ ਅਤੇ ਉਸਦੇ ਭਰਾ ਸ਼ਾਦਾਬ ਵਜੋਂ ਹੋਈ ਹੈ। ਦੋਵਾਂ ਨੂੰ ਇਲਾਜ ਲਈ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜ਼ਖ਼ਮੀਆਂ ਦੇ ਵੱਡੇ ਭਰਾ ਜਾਵੇਦ ਨੇ ਦੱਸਿਆ ਕਿ ਨਦੀਮ ਨਾਮ ਦਾ ਇੱਕ ਨੌਜਵਾਨ ਦੁਕਾਨ ‘ਤੇ ਆਇਆ ਅਤੇ ਕੋਲਡ ਡ੍ਰਿੰਕ ਅਤੇ ਹੋਰ ਖਾਣ-ਪੀਣ ਦਾ ਸਮਾਨ ਮੰਗਣ ਲੱਗਾ। ਉਸ ਨੇ ਦੱਸਿਆ ਕਿ ਮੁਲਜ਼ਮ ਐਚਡੀਐਫਸੀ ਬੈਂਕ ਨੇੜੇ ਰਹਿੰਦਾ ਹੈ ਅਤੇ ਉਸਦੇ ਕੁਝ ਸਾਥੀ ਦੁਕਾਨ ਦੇ ਬਾਹਰ ਖੜ੍ਹੇ ਸਨ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨਦੀਮ ਪਹਿਲਾਂ ਵੀ ਕਈ ਵਾਰ ਦੁਕਾਨ ਤੋਂ ਉਧਾਰ ਸਮਾਨ ਲੈ ਜਾਂਦਾ ਸੀ। ਜਦੋਂ ਓਸਾਮਾ ਅਤੇ ਸ਼ਾਦਾਬ ਨੇ ਇਸ ਵਾਰ ਉਸ ਨੂੰ ਉਧਾਰ ਦੇਣ ਤੋਂ ਮਨਾਂ ਕੀਤਾ ਤਾਂ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਈ। ਦੋਸ਼ ਹੈ ਕਿ ਕੁਝ ਸਮੇਂ ਬਾਅਦ ਨਦੀਮ ਆਪਣੇ ਸਾਥੀਆਂ ਨਾਲ ਮੁੜ ਆਇਆ ਅਤੇ ਦੋਵਾਂ ਭਰਾਵਾਂ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਦੁਕਾਨ ਵਿੱਚ ਹੜਕੰਪ ਮਚ ਗਿਆ। ਆਲੇ-ਦੁਆਲੇ ਦੇ ਦੁਕਾਨਦਾਰ ਅਤੇ ਸਥਾਨਕ ਲੋਕ ਮੌਕੇ ਵੱਲ ਦੌੜੇ, ਪਰ ਉਦੋਂ ਤੱਕ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਹਮਲੇ ਵਿੱਚ ਓਸਾਮਾ ਨੂੰ ਸਭ ਤੋਂ ਗੰਭੀਰ ਸੱਟ ਲੱਗੀ ਹੈ। ਦੋਸ਼ੀਆਂ ਨੇ ਉਸਦੇ ਕੰਨ ਦੇ ਪਿੱਛੇ ਚਾਕੂ ਨਾਲ ਵਾਰ ਕੀਤਾ, ਜਿਸ ਕਾਰਨ ਡੂੰਘੀ ਚੋਟ ਲੱਗੀ ਅਤੇ ਕਾਫ਼ੀ ਖੂਨ ਵਹਿ ਗਿਆ। ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸੀ ਹੈ।
ਇਸੇ ਤਰ੍ਹਾਂ ਸ਼ਾਦਾਬ ਦੇ ਸੀਨੇ ਵਿੱਚ ਵੀ ਚਾਕੂ ਮਾਰਿਆ ਗਿਆ, ਜਿਸ ਕਾਰਨ ਉਹ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਨੇ ਦੋਵੇਂ ਭਰਾਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH