
ਪੰਚਕੂਲਾ, 15 ਮਈ (ਹਿੰ.ਸ.)| ਪੰਚਕੂਲਾ ਦੇ ਸੈਕਟਰ-5 ਸਥਿਤ ਇੰਦਰਧਨੁਸ਼ ਆਡੀਟੋਰੀਅਮ ਵਿੱਚ ਬੀਬੀਐਮਬੀ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਕੇਂਦਰੀ ਬਿਜਲੀ, ਆਵਾਸਨ ਅਤੇ ਸ਼ਹਿਰੀ ਮਾਮਲੇ ਮੰਤਰੀ ਮਨੋਹਰ ਲਾਲ ਖੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਹਰਿਆਣਾ ਦੀ ਸਿੰਚਾਈ ਮੰਤਰੀ ਸ਼ਰੁਤੀ ਚੌਧਰੀ, ਰਾਜਸਥਾਨ ਅਤੇ ਪੰਜਾਬ ਦੇ ਸਿੰਚਾਈ ਮੰਤਰੀ, ਪੰਜਾਬ ਦੇ ਮੁੱਖ ਸਕੱਤਰ ਅਤੇ ਵਾਧੂ ਮੁੱਖ ਸਕੱਤਰ ਆਸ਼ਿਮਾ ਬਰਾਰ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਰਹੇ। ਇਸ ਦੌਰਾਨ ਕਾਫੀ ਟੇਬਲ ਬੁੱਕ ਦਾ ਵੀ ਲੋਕ ਅਰਪਣ ਕੀਤਾ ਗਿਆ।
ਸੰਬੋਧਨ ਕਰਦਿਆਂ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਬੀਬੀਐਮਬੀ ਨੇ ਪਾਣੀ ਅਤੇ ਬਿਜਲੀ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਇਹ ਸੰਸਥਾ ਖੇਤਰ ਦੀ ਜੀਵਨ ਰੇਖਾ ਹੈ। ਉਨ੍ਹਾਂ ਕਿਹਾ ਕਿ ਭਾਖੜਾ ਦੇ ਪਾਣੀ ਅਤੇ ਬਿਜਲੀ ‘ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦਾ ਵੀ ਹੱਕ ਹੈ ਅਤੇ ਸਾਰੇ ਰਾਜਾਂ ਨੂੰ ਨਿਯਮਾਂ ਅਨੁਸਾਰ ਹਿੱਸਾ ਮਿਲਦਾ ਰਹੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਰਾਜ ਆਪਣੇ ਮਸਲੇ ਬੀਬੀਐਮਬੀ ਅੱਗੇ ਰੱਖਣ ਅਤੇ ਫ਼ੈਸਲੇ ਆਪਸੀ ਸਹਿਮਤੀ ਨਾਲ ਮੰਨੇ ਜਾਣ। ਉਨ੍ਹਾਂ ਕਿਹਾ ਕਿ ਹੁਣ ਫ਼ੈਸਲੇ ਸਾਰੇ ਰਾਜਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਵੀ ਦਿੱਤਾ। ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਅਨੁਸਾਰ ਇੰਧਨ ਬਚਤ ਅਤੇ ਵਾਤਾਵਰਣ ਸੁਰੱਖਿਆ ਲਈ ਜਨਤਕ ਆਵਾਜਾਈ ਦੇ ਵੱਧ ਤੋਂ ਵੱਧ ਇਸਤੇਮਾਲ ਦਾ ਸੰਦੇਸ਼ ਦਿੱਤਾ ਗਿਆ। ਮਨੋਹਰ ਲਾਲ ਨੇ ਦੱਸਿਆ ਕਿ ਉਹ ਖੁਦ ਵੀ ਲੰਬੇ ਸਮੇਂ ਤੋਂ ਜਨਤਕ ਆਵਾਜਾਈ ਦੀ ਵਰਤੋਂ ਕਰ ਰਹੇ ਹਨ ਅਤੇ ਅੱਜ ਵੀ ਰੇਲ ਰਾਹੀਂ ਯਾਤਰਾ ਕੀਤੀ। ਸਿੰਚਾਈ ਮੰਤਰੀ ਸ਼ਰੁਤੀ ਚੌਧਰੀ ਨੇ ਕਿਹਾ ਕਿ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਨੂੰ ਆਪਸੀ ਤਾਲਮੇਲ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH