

ਲੁਧਿਆਣਾ, 15 ਮਈ (ਹਿੰ.ਸ.)| ਪੰਜਾਬ ਦੇ ਲੋਕਾਂ ਲਈ ਅੱਜ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋ ਗਈ ਹੈ। ਸਵੇਰੇ 7:05 ਵਜੇ ਪਹਿਲੀ ਫਲਾਈਟ ਨੇ ਹਲਵਾਰਾ ਏਅਰਪੋਰਟ ‘ਤੇ ਲੈਂਡਿੰਗ ਕੀਤੀ, ਜਦਕਿ 7:55 ਵਜੇ ਲੁਧਿਆਣਾ ਤੋਂ ਦਿੱਲੀ ਲਈ ਪਹਿਲੀ ਉਡਾਣ ਭਰੀ।
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਿੱਲੀ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਕਰੀਬ 60 ਯਾਤਰੀਆਂ ਨਾਲ ਲੁਧਿਆਣਾ ਪਹੁੰਚੇ। ਏਅਰ ਇੰਡੀਆ ਵੱਲੋਂ ਹਲਵਾਰਾ ਏਅਰਪੋਰਟ ਤੋਂ ਰੋਜ਼ਾਨਾ ਦੋ ਫਲਾਈਟਾਂ ਚਲਾਈਆਂ ਜਾਣਗੀਆਂ, ਜਿਸ ਨਾਲ ਦਿੱਲੀ-ਲੁਧਿਆਣਾ ਸਫ਼ਰ ਸਿਰਫ਼ 1 ਘੰਟਾ 15 ਮਿੰਟ ਵਿੱਚ ਤੈਅ ਹੋਵੇਗਾ।
ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਯਾਤਰੀਆਂ ਨੂੰ ਉਡਾਣ ਤੋਂ ਘੱਟੋ-ਘੱਟ 90 ਮਿੰਟ ਪਹਿਲਾਂ ਏਅਰਪੋਰਟ ‘ਤੇ ਪਹੁੰਚਣਾ ਹੋਵੇਗਾ। ਫਲਾਈਟ ਦੇ ਸਮੇਂ ਤੋਂ ਇੱਕ ਘੰਟਾ ਪਹਿਲਾਂ ਟਰਮੀਨਲ ਬੰਦ ਕਰ ਦਿੱਤਾ ਜਾਵੇਗਾ।
ਪਹਿਲਾਂ ਪੰਜਾਬ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਆਦਮਪੁਰ, ਬਠਿੰਡਾ, ਪਠਾਨਕੋਟ ਅਤੇ ਸਾਹਨੇਵਾਲ ਏਅਰਪੋਰਟ ਵਰਗੇ ਕੁੱਲ 6 ਏਅਰਪੋਰਟ ਚੱਲ ਰਹੇ ਸਨ। ਹੁਣ ਹਲਵਾਰਾ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਸਾਹਨੇਵਾਲ ਏਅਰਪੋਰਟ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਸਾਰਾ ਸਟਾਫ ਹਲਵਾਰਾ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਸ ਏਅਰਪੋਰਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਫਰਵਰੀ 2026 ਨੂੰ ਵਰਚੁਅਲ ਤੌਰ ‘ਤੇ ਕੀਤਾ ਸੀ। ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੇਂਦਰੀ ਹਵਾਈ ਉਡਾਣ ਮੰਤਰੀ ਰਾਮ ਮੋਹਨ ਨਾਇਡੂ ਅਤੇ ਹੋਰ ਨੇਤਾ ਵੀ ਮੌਜੂਦ ਸਨ।
ਦਿੱਲੀ ਤੋਂ ਸਵੇਰੇ 5:55 ਵਜੇ ਉੱਡੀ ਪਹਿਲੀ ਫਲਾਈਟ 7:05 ਵਜੇ ਲੁਧਿਆਣਾ ਪਹੁੰਚੇਗੀ। ਵਾਪਸੀ ਵਿੱਚ ਫਲਾਈਟ 7:55 ਵਜੇ ਉੱਡ ਕੇ 9:10 ਵਜੇ ਦਿੱਲੀ ਪਹੁੰਚੇਗੀ। ਦੂਜੀ ਫਲਾਈਟ ਦਿੱਲੀ ਤੋਂ 12:55 ਵਜੇ ਚੱਲ ਕੇ 2:10 ਵਜੇ ਲੁਧਿਆਣਾ ਪਹੁੰਚੇਗੀ ਅਤੇ 2:40 ਵਜੇ ਵਾਪਸ ਦਿੱਲੀ ਲਈ ਉੱਡ ਕੇ 3:55 ਵਜੇ ਲੈਂਡ ਕਰੇਗੀ।
ਹਲਵਾਰਾ ਤੋਂ ਦਿੱਲੀ ਤੱਕ ਇਕਾਨਮੀ ਕਲਾਸ ਦਾ ਕਿਰਾਇਆ 4000 ਤੋਂ 5000 ਰੁਪਏ ਦੇ ਵਿਚਕਾਰ ਰਹੇਗਾ। ਅੱਗੇ ਤੋਂ ਬੁਕਿੰਗ ਕਰਨ ‘ਤੇ ਯਾਤਰੀਆਂ ਨੂੰ ਸਸਤਾ ਕਿਰਾਇਆ ਮਿਲ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH