
ਚੰਡੀਗੜ੍ਹ, 15 ਮਈ (ਹਿੰ.ਸ.)| ਇੰਡੀਗੋ ਨੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਤੋਂ ਘਰੇਲੂ ਹਵਾਈ ਸੰਪਰਕ ਨੂੰ ਹੋਰ ਮਜ਼ਬੂਤ ਕਰਦਿਆਂ 15 ਜੂਨ ਤੋਂ ਅੰਮ੍ਰਿਤਸਰ-ਨੋਇਡਾ ਨਵੀਂ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸੇਵਾ ਨਵੇਂ ਸ਼ੁਰੂ ਹੋਏ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਤੋਂ ਚਲਾਈ ਜਾਵੇਗੀ। ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਹੈਦਰਾਬਾਦ-ਅੰਮ੍ਰਿਤਸਰ ਰੋਜ਼ਾਨਾ ਉਡਾਣ ਵੀ ਨੋਇਡਾ ਰਾਹੀਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਅੰਮ੍ਰਿਤਸਰ ਦੀ ਦੱਖਣੀ ਭਾਰਤ ਅਤੇ ਹੋਰ ਕਈ ਘਰੇਲੂ ਮੰਜ਼ਿਲਾਂ ਨਾਲ ਕਨੈਕਟੀਵਿਟੀ ਹੋਰ ਬਿਹਤਰ ਹੋਵੇਗੀ।
ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਫਲਾਈਟ 6E 2490 ਸਵੇਰੇ 6:25 ਵਜੇ ਹੈਦਰਾਬਾਦ ਤੋਂ ਰਵਾਨਾ ਹੋਵੇਗੀ ਅਤੇ 8:35 ਵਜੇ ਨੋਇਡਾ ਪਹੁੰਚੇਗੀ। ਇਸ ਤੋਂ ਬਾਅਦ ਇਹ ਉਡਾਣ 10:10 ਵਜੇ ਅੰਮ੍ਰਿਤਸਰ ਲਈ ਉਡਾਨ ਭਰੇਗੀ ਅਤੇ 11:20 ਵਜੇ ਅੰਮ੍ਰਿਤਸਰ ਪਹੁੰਚੇਗੀ। ਵਾਪਸੀ ਦੌਰਾਨ ਫਲਾਈਟ 6E 2491 ਦੁਪਹਿਰ 12:15 ਵਜੇ ਅੰਮ੍ਰਿਤਸਰ ਤੋਂ ਚੱਲੇਗੀ, 1:20 ਵਜੇ ਨੋਇਡਾ ਪਹੁੰਚੇਗੀ ਅਤੇ ਉੱਥੋਂ 2:50 ਵਜੇ ਹੈਦਰਾਬਾਦ ਲਈ ਰਵਾਨਾ ਹੋਵੇਗੀ। ਇਹ ਉਡਾਣ ਸ਼ਾਮ 4:50 ਵਜੇ ਹੈਦਰਾਬਾਦ ਪਹੁੰਚੇਗੀ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੀਂ ਸੇਵਾ ਨਾਲ ਅੰਮ੍ਰਿਤਸਰ ਦੀ ਇੱਕ ਹੋਰ ਵੱਡੇ ਸ਼ਹਿਰ ਨਾਲ ਸਿੱਧੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਨਾਲ ਹੀ ਯਾਤਰੀਆਂ ਨੂੰ ਨੋਇਡਾ ਰਾਹੀਂ ਹੈਦਰਾਬਾਦ ਸਮੇਤ ਕਈ ਹੋਰ ਘਰੇਲੂ ਮੰਜ਼ਿਲਾਂ ਲਈ ਵੀ ਆਸਾਨ ਕਨੈਕਸ਼ਨ ਮਿਲਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH