
ਅੰਮ੍ਰਿਤਸਰ, 16 ਮਈ (ਹਿੰ.ਸ.)| ਨਗਰ ਕੌਂਸਲ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੰਮ੍ਰਿਤਸਰ ਦੇਹਾਤੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ। ਰਤਨਗੜ੍ਹ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਛਾਪੇਮਾਰੀ ਵਿੱਚ ਕਰੋੜਾਂ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ।
ਜਾਣਕਾਰੀ ਅਨੁਸਾਰ ਸਾਂਝੀ ਟੀਮ ਵੱਲੋਂ ਖਡੂਰ ਸਾਹਿਬ ਰੋਡ ’ਤੇ ਸਥਿਤ ਤਿੰਨ ਦੁਕਾਨਾਂ ਵਿੱਚ ਛਾਪੇਮਾਰੀ ਕੀਤੀ ਗਈ, ਜਿੱਥੋਂ 2000 ਤੋਂ ਵੱਧ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਸ਼ੁਰੂਆਤੀ ਜਾਂਚ ਵਿੱਚ 1533 ਪੇਟੀਆਂ ਦੀ ਪੁਸ਼ਟੀ ਹੋਈ ਸੀ, ਪਰ ਬਾਅਦ ਵਿੱਚ ਇਹ ਗਿਣਤੀ 2000 ਤੋਂ 2500 ਦੇ ਵਿਚਕਾਰ ਦੱਸੀ ਜਾ ਰਹੀ ਹੈ।
ਬਰਾਮਦ ਕੀਤੀ ਗਈ ਸ਼ਰਾਬ ਵਿੱਚ ਦਿੱਲੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਅਤੇ ਚੰਡੀਗੜ੍ਹ ਦੀਆਂ ਕਈ ਮਹਿੰਗੀਆਂ ਵਿਦੇਸ਼ੀ ਬ੍ਰਾਂਡ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਕੁਝ ਪੇਟੀਆਂ ਵਿੱਚ ਮਿਆਦ ਪੁੱਗੀ ਹੋਈ (ਐਕਸਪਾਇਰੀ) ਸ਼ਰਾਬ ਅਤੇ ਬੀਅਰ ਵੀ ਮਿਲੀ ਹੈ।
ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸ਼ਰਾਬ ਕਾਫ਼ੀ ਪੁਰਾਣੇ ਸਟਾਕ ਦੀ ਲੱਗਦੀ ਹੈ ਅਤੇ ਇਸਨੂੰ ਗੈਰਕਾਨੂੰਨੀ ਢੰਗ ਨਾਲ ਸਟੋਰ ਕੀਤਾ ਗਿਆ ਸੀ। ਪੁਲਿਸ ਅਨੁਸਾਰ ਜਿਨ੍ਹਾਂ ਦੁਕਾਨਾਂ ਤੋਂ ਸ਼ਰਾਬ ਬਰਾਮਦ ਹੋਈ ਹੈ, ਉਹ ਇੱਕ ਵਿਅਕਤੀ ਵੱਲੋਂ ਕਿਰਾਏ ’ਤੇ ਲਈਆਂ ਗਈਆਂ ਸਨ। ਮਾਮਲੇ ਦੀ ਜਾਂਚ ਦੌਰਾਨ ਕਈ ਲੋਕਾਂ ਦੇ ਨਾਮ ਸਾਹਮਣੇ ਆ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਐਫ਼.ਆਈ.ਆਰ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH