
ਹੁਸ਼ਿਆਰਪੁਰ, 16 ਮਈ (ਹਿੰ.ਸ.)| ਸ਼ਨੀਵਾਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮੈਡੀਕਲ ਲਈ ਲਿਆਂਦੇ ਗਏ ਇੱਕ ਕੈਦੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੈਦੀ ਨੇ ਪੁਲਿਸ ਮੁਲਾਜ਼ਮ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬਚਾਅ ਵਿੱਚ ਕੀਤੀ ਗਈ ਫਾਇਰਿੰਗ ਦੌਰਾਨ ਉਹ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਨਸੀਬ ਸਿੰਘ ਵਜੋਂ ਹੋਈ ਹੈ, ਜੋ ਨਸ਼ਾ ਤਸਕਰੀ ਮਾਮਲੇ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸੀ ਅਤੇ ਪਿੰਡ ਕੋਟਲਾ ਗੌਂਸਪੁਰ ਦਾ ਰਹਿਣ ਵਾਲਾ ਸੀ।
ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਰੋਜ਼ਾਨਾ ਪ੍ਰਕਿਰਿਆ ਤਹਿਤ ਤਿੰਨ ਅੰਡਰਟ੍ਰਾਇਲ ਕੈਦੀਆਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ। ਇਸ ਦੌਰਾਨ ਚਾਰ ਪੁਲਿਸ ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਸਨ। ਮੈਡੀਕਲ ਜਾਂਚ ਤੋਂ ਬਾਅਦ ਜਦੋਂ ਸੀਨੀਅਰ ਕਾਂਸਟੇਬਲ ਜਸਦੀਪ ਸਿੰਘ ਵੱਲੋਂ ਨਸੀਬ ਸਿੰਘ ਨੂੰ ਈ-ਰਿਕਸ਼ਾ ਰਾਹੀਂ ਐਂਬੂਲੈਂਸ ਵੱਲ ਲੈ ਜਾ ਰਹੇ ਸਨ, ਉਦੋਂ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਅਚਾਨਕ ਚਾਕੂ ਕੱਢ ਕੇ ਕਾਂਸਟੇਬਲ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕਾਂਸਟੇਬਲ ਦੇ ਹੱਥ, ਚਿਹਰੇ ਅਤੇ ਪੈਰ ‘ਤੇ ਗੰਭੀਰ ਸੱਟਾਂ ਆਈਆਂ।
ਪੁਲਿਸ ਮੁਤਾਬਕ ਕਾਂਸਟੇਬਲ ਨੇ ਬਹਾਦਰੀ ਦਿਖਾਉਂਦੇ ਹੋਏ ਪਹਿਲਾਂ ਦੋਸ਼ੀ ਨੂੰ ਚੇਤਾਵਨੀ ਦਿੱਤੀ ਅਤੇ ਬਚਾਅ ਵਿੱਚ ਜ਼ਮੀਨ ਵੱਲ ਗੋਲੀ ਚਲਾਈ। ਇਸ ਦੌਰਾਨ ਦੋਵਾਂ ਵਿਚਾਲੇ ਹੱਥਾਪਾਈ ਹੋ ਗਈ ਅਤੇ ਦੋਵੇਂ ਜ਼ਮੀਨ ‘ਤੇ ਡਿੱਗ ਪਏ। ਜਦੋਂ ਕੈਦੀ ਨੇ ਮੁੜ ਪੁਲਿਸ ਦਾ ਹਥਿਆਰ ਝਪਟਣ ਦੀ ਕੋਸ਼ਿਸ਼ ਕੀਤੀ ਤਾਂ ਬਚਾਅ ਵਿੱਚ ਗੋਲੀਆਂ ਚੱਲ ਗਈਆਂ। ਗੋਲੀ ਲੱਗਣ ਕਾਰਨ ਨਸੀਬ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪੁਲਿਸ ਦੇ ਅਨੁਸਾਰ ਨਸੀਬ ਸਿੰਘ ਇੱਕ ਆਦਤੀ ਅਪਰਾਧੀ ਸੀ ਅਤੇ ਉਸ ‘ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਐਕਟ ਹੇਠ 7 ਮਾਮਲੇ ਦਰਜ ਸਨ। ਉਸਦਾ ਪਿਤਾ ਸ਼ਸ਼ੀ ਵੀ ਕਤਲ ਅਤੇ ਨਸ਼ੇ ਦੇ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹੈ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੈਦੀ ਦੇ ਕੋਲ ਚਾਕੂ ਕਿਵੇਂ ਆਇਆ ਅਤੇ ਇਸ ਵਿੱਚ ਹੋਰ ਕਿਸੇ ਦੀ ਭੂਮਿਕਾ ਤਾਂ ਨਹੀਂ। ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH