
ਫਰੀਦਕੋਟ, 16 ਮਈ (ਹਿੰ.ਸ.)| ਰਾਜ ਚੋਣ ਆਯੋਗ ਪੰਜਾਬ ਵੱਲੋਂ ਨਗਰ ਕੌਂਸਲ ਚੋਣਾਂ 2026 ਦੇ ਮੱਦੇਨਜ਼ਰ ਜ਼ਿਲ੍ਹਾ ਫਰੀਦਕੋਟ ਲਈ ਆਈਏਐਸ ਅਧਿਕਾਰੀ ਰੁਬਿੰਦਰਜੀਤ ਸਿੰਘ ਬਰੜ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਚਾਬਾ ਨੇ ਦੱਸਿਆ ਕਿ ਐਸਡੀਓ ਡਰੇਨੇਜ ਗੁਰਜੀਤ ਸਿੰਘ ਨੂੰ ਆਬਜ਼ਰਵਰ ਦਾ ਸਹਾਇਕ ਲਾਇਜ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ।
ਡੀਸੀ ਰਾਹੁਲ ਕੁਮਾਰ ਚਾਬਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕ ਚੋਣ ਪ੍ਰਕਿਰਿਆ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸੁਝਾਅ ਲਈ ਚੋਣ ਆਬਜ਼ਰਵਰ ਰੁਬਿੰਦਰਜੀਤ ਸਿੰਘ ਬਰੜ ਨਾਲ ਮੋਬਾਈਲ ਨੰਬਰ 97813-31102 ‘ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸਹਾਇਕ ਲਾਇਜ਼ਨ ਅਫਸਰ ਗੁਰਜੀਤ ਸਿੰਘ ਨਾਲ 90410-80543 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਫਰੀਦਕੋਟ ਦੀਆਂ ਤਿੰਨ ਨਗਰ ਕੌਂਸਲਾਂ—ਫਰੀਦਕੋਟ, ਕੋਟਕਪੂਰਾ ਅਤੇ ਜੈਤੋ—ਦੇ ਕੁੱਲ 71 ਵਾਰਡਾਂ ਲਈ 26 ਮਈ ਨੂੰ ਵੋਟਿੰਗ ਹੋਵੇਗੀ, ਜਦਕਿ 29 ਮਈ ਨੂੰ ਮਤਗਣਨਾ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਫਰੀਦਕੋਟ ਦੇ 25, ਕੋਟਕਪੂਰਾ ਦੇ 29 ਅਤੇ ਜੈਤੋ ਦੇ ਵਾਰਡਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਅੱਜ ਆਖਰੀ ਮਿਤੀ ਹੈ।
ਸ਼ਨੀਵਾਰ ਨੂੰ ਆਖਰੀ ਦਿਨ ਹੋਣ ਕਰਕੇ ਕੋਟਕਪੂਰਾ ਵਿੱਚ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ।
ਹਿੰਦੂਸਥਾਨ ਸਮਾਚਾਰ / GURSHARAN SINGH