
ਫਿਲੌਰ, 16 ਮਈ (ਹਿੰ.ਸ.)| ਫਿਲੌਰ ਦੇ ਨੇੜਲੇ ਤੇਈਂਗ ਪਿੰਡ ਵਿੱਚ ਜਨਮੇ ਕੁਲਵਿੰਦਰ ਸਿੰਘ ਜੋਹਲ ਨੇ ਇੰਗਲੈਂਡ ਦੇ ਲੀਸੈਸਟਰ ਸਿਟੀ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਸ਼ਹਿਰ ਦੇ ਪਹਿਲੇ ਗੁਰਸਿੱਖ (ਦਸਤਾਰਧਾਰੀ) ਲਾਰਡ ਮੇਅਰ ਬਣੇ ਹਨ। ਉਨ੍ਹਾਂ ਨੇ ਇਕ ਦਿਨ ਪਹਿਲਾਂ ਹੀ ਲੀਸੈਸਟਰ ਟਾਊਨ ਹਾਲ ਵਿੱਚ ਹੋਏ ਸਮਾਰੋਹ ਦੌਰਾਨ ਨਵੇਂ ਲਾਰਡ ਮੇਅਰ ਵਜੋਂ ਸਹੁੰ ਚੁੱਕੀ ਅਤੇ ਉਨ੍ਹਾਂ ਨੂੰ ਅਧਿਕਾਰਿਕ ਤੌਰ ‘ਤੇ “ਚੇਨ ਆਫ ਆਫਿਸ” ਸੌਂਪੀ ਗਈ।
ਕੁਲਵਿੰਦਰ ਸਿੰਘ ਜੋਹਲ ਲੇਬਰ ਪਾਰਟੀ ਨਾਲ ਸੰਬੰਧਤ ਹਨ ਅਤੇ 2015 ਤੋਂ ਬ੍ਰੌਨਸਟੋਨ ਪਾਰਕ ਅਤੇ ਰੋਵਲੀ ਫੀਲਡਜ਼ ਵਾਰਡ ਦੀ ਨੁਮਾਇੰਦਗੀ ਕਰ ਰਹੇ ਹਨ। ਕੌਂਸਲ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਸ਼ਹਿਰ ਦਾ ਪਹਿਲਾ ਨਾਗਰਿਕ ਚੁਣਿਆ ਗਿਆ।
ਨਵੇਂ ਲਾਰਡ ਮੇਅਰ ਨੇ ਆਪਣੇ ਕਾਰਜਕਾਲ ਦੌਰਾਨ ਦੋ ਚੈਰਿਟੀ ਸੰਸਥਾਵਾਂ ਦਾ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਸ਼ਾਮਲ ਹੈ, ਜੋ ਲੀਸੈਸਟਰ ਵਿੱਚ ਖਾਣ-ਪੀਣ ਦੀ ਕਮੀ ਅਤੇ ਬੇਘਰ ਲੋਕਾਂ ਦੀ ਮਦਦ ਕਰਦੀ ਹੈ, ਅਤੇ ਲੀਸੈਸਟਰ ਹਸਪਤਾਲ ਚੈਰਿਟੀ, ਜੋ ਸ਼ੂਗਰ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਸ਼ੁਰੂਆਤੀ ਇਲਾਜ ਲਈ ਕੰਮ ਕਰਦੀ ਹੈ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪਤਨੀ ਮੰਜੀਤ ਕੌਰ ਜੋਹਲ ਲੇਡੀ ਮੇਅਰੇਸ ਵਜੋਂ ਸਾਥ ਦੇਣਗੀਆਂ, ਜਦਕਿ ਉਨ੍ਹਾਂ ਦੀ ਧੀ ਗੁਰਸਿਮਰਨ ਕੌਰ ਅਤੇ ਪੁੱਤਰ ਅਸ਼ਵੀਰ ਸਿੰਘ ਕੌਂਸੋਰਟ ਦੀ ਭੂਮਿਕਾ ਨਿਭਾਉਣਗੇ। ਲਾਰਡ ਮੇਅਰ ਕੁਲਵਿੰਦਰ ਸਿੰਘ ਜੋਹਲ ਨੇ ਕਿਹਾ ਕਿ ਬ੍ਰੌਨਸਟੋਨ ਪਾਰਕ ਅਤੇ ਰੋਵਲੀ ਫੀਲਡਜ਼ ਖੇਤਰ ਵਿੱਚ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬਿਤਾਉਣ ਤੋਂ ਬਾਅਦ 2015 ਵਿੱਚ ਵਾਰਡ ਕੌਂਸਲਰ ਵਜੋਂ ਚੁਣਿਆ ਜਾਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ। ਹੁਣ ਉਸੇ ਸ਼ਹਿਰ ਦੀ ਨੁਮਾਇੰਦਗੀ ਕਰਨਾ, ਜੋ ਉਨ੍ਹਾਂ ਦਾ ਘਰ ਰਿਹਾ ਹੈ, ਇਕ ਵੱਡਾ ਸਨਮਾਨ ਹੈ। ਉਨ੍ਹਾਂ ਨੇ ਵਚਨ ਦਿੱਤਾ ਕਿ ਉਹ ਖੁੱਲ੍ਹੇਪਣ, ਸਤਿਕਾਰ ਅਤੇ ਨਿਮਰਤਾ ਨਾਲ ਹਰ ਨਿਵਾਸੀ ਦੀ ਸੇਵਾ ਕਰਨਗੇ।
ਹਿੰਦੂਸਥਾਨ ਸਮਾਚਾਰ / GURSHARAN SINGH