
ਲੁਧਿਆਣਾ, 16 ਮਈ (ਹਿੰ.ਸ.)| ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਪੁਲਿਸ ਅਤੇ ਗਾਂ ਰੱਖਿਆ ਕਰਮੀਆਂ ਦੀ ਚੌਕਸੀ ਨਾਲ ਗਾਂ ਤਸਕਰੀ ਦੇ ਇਕ ਵੱਡੇ ਨੈੱਟਵਰਕ ਦਾ ਭੰਡਾਫੋੜ ਕੀਤਾ ਗਿਆ ਹੈ। ਇੱਥੇ ਇਕ ਮਹਿੰਦਰਾ ਜੀਪ ਵਿੱਚੋਂ ਲਗਭਗ 17 ਕੁਇੰਟਲ ਗਾਂ ਮਾਸ ਬਰਾਮਦ ਕੀਤਾ ਗਿਆ, ਜੋ ਅੰਮ੍ਰਿਤਸਰ ਤੋਂ ਉੱਤਰ ਪ੍ਰਦੇਸ਼ ਲਿਜਾਇਆ ਜਾ ਰਿਹਾ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ 6 ਵਿਅਕਤੀਆਂ ਖਿਲਾਫ ਐਫਆਈਆਰ ਦਰਜ ਕੀਤੀ ਹੈ, ਜਿਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ, ਵਸਨੀਕ ਨਿਊ ਪ੍ਰੋਫੈਸਰ ਕਾਲੋਨੀ ਪਟਿਆਲਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਮਹਿੰਦਰਾ ਜੀਪ ਵਿੱਚ ਵੱਡੀ ਮਾਤਰਾ ਵਿੱਚ ਗਾਂ ਦਾ ਮਾਸ ਭਰ ਕੇ ਯੂਪੀ ਵੱਲ ਲਿਜਾਇਆ ਜਾ ਰਿਹਾ ਹੈ।
ਇਸ ਸੂਚਨਾ ਦੇ ਆਧਾਰ ‘ਤੇ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀ ਦਰਸ਼ਨ ਸਿੰਘ ਨਾਲ ਮਿਲ ਕੇ ਲਾਡੋਵਾਲ ਟੋਲ ਪਲਾਜ਼ਾ ‘ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਯੂਪੀ ਨੰਬਰ ਦੀ ਜੀਪ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਵਿੱਚੋਂ 17 ਕੁਇੰਟਲ ਗਾਂ ਮਾਸ ਬਰਾਮਦ ਹੋਇਆ। ਮੌਕੇ ‘ਤੇ ਮੌਜੂਦ ਦੋ ਦੋਸ਼ੀਆਂ ਵਿੱਕੀ ਕੁਮਾਰ ਅਤੇ ਹੁਸੈਨ ਨੂੰ ਤੁਰੰਤ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪੜਤਾਲ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਇਹ ਗਾਂ ਮਾਸ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਹੇਲ ਅਤੇ ਸਮੀਰ ਵੱਲੋਂ ਤਿਆਰ ਕਰਵਾਇਆ ਗਿਆ ਸੀ, ਜਿਸਨੂੰ ਉੱਤਰ ਪ੍ਰਦੇਸ਼ ਦੇ ਸਾਹਰਨਪੁਰ ਦੇ ਮੁਹੰਮਦ ਤਾਸਿਮ ਅਤੇ ਕੇਸਰ ਤੱਕ ਪਹੁੰਚਾਉਣਾ ਸੀ।
ਥਾਣਾ ਲਾਡੋਵਾਲ ਪੁਲਿਸ ਨੇ ਇਸ ਮਾਮਲੇ ਵਿੱਚ ਵਿੱਕੀ ਕੁਮਾਰ, ਹੁਸੈਨ (ਦੋਵੇਂ ਗ੍ਰਿਫਤਾਰ), ਮੁਹੰਮਦ ਤਾਸਿਰ, ਕੇਸਰ, ਸੁਹੇਲ ਅਤੇ ਸਮੀਰ ਖਿਲਾਫ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਏਐਸਆਈ ਮੇਜਰ ਸਿੰਘ ਕਰ ਰਹੇ ਹਨ। ਪੁਲਿਸ ਨੇ ਦੋਸ਼ੀਆਂ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 299, 325, 111(3), ਪੰਜਾਬ ਗਾਂਹੱਤਿਆ ਨਿਸ਼ੇਧ ਐਕਟ ਦੀ ਧਾਰਾ 8 ਅਤੇ ਪਸ਼ੂ ਕਰੂਰਤਾ ਨਿਵਾਰਣ ਐਕਟ ਦੀ ਧਾਰਾ 11 ਤਹਿਤ ਸਖਤ ਕਾਰਵਾਈ ਕੀਤੀ ਹੈ। ਫਿਲਹਾਲ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਵੱਲੋਂ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH