
ਪਠਾਨਕੋਟ, 16 ਮਈ (ਹਿੰ.ਸ.)| ਪਠਾਨਕੋਟ ਜ਼ਿਲ੍ਹੇ ਦੇ ਨਰੋਟ ਜੈਮਲ ਸਿੰਘ ਇਲਾਕੇ ਵਿੱਚ ਇੱਕ 27 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ, ਜਦਕਿ ਉਸਦਾ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਪਹਿਚਾਣ ਪਿੰਡ ਤਾਲੁਕਾ ਦੇ ਵਸਨੀਕ ਰਾਜਕੁਮਾਰ ਵਜੋਂ ਹੋਈ ਹੈ, ਜਦਕਿ ਜ਼ਖਮੀ ਨੌਜਵਾਨ ਤਨੁਜ ਕੁਮਾਰ (21) ਵੀ ਉਸੇ ਪਿੰਡ ਦਾ ਰਹਿਣ ਵਾਲਾ ਹੈ। ਤਨੁਜ ਨੂੰ ਪਹਿਲਾਂ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਬਾਅਦ ਉਸਦੇ ਪਰਿਵਾਰ ਵੱਲੋਂ ਉਸਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਉਸਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।
ਜ਼ਖਮੀ ਤਨੁਜ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਪਿੰਡ ਦੇ ਹੀ ਚਾਰ ਵਿਅਕਤੀਆਂ ਨੇ ਬੋਲੇਰੋ ਗੱਡੀ ‘ਚ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਰਾਹ ਵਿੱਚ ਘੇਰ ਕੇ ਹਮਲਾ ਕਰ ਦਿੱਤਾ। ਦੋਸ਼ੀਆਂ ਵਿੱਚ ਤਿੰਨ ਸੱਗੇ ਭਰਾ ਵੀ ਸ਼ਾਮਲ ਹਨ। ਹਮਲੇ ਦੌਰਾਨ ਇੱਕ ਦੋਸ਼ੀ ਨੇ ਕਿਹਾ, “ਰਾਜਕੁਮਾਰ ਨੂੰ ਫੜੋ, ਅੱਜ ਇਸਨੂੰ ਜਿੰਦਾ ਨਹੀਂ ਛੱਡਣਾ।
ਪਰਿਵਾਰਕ ਮੈਂਬਰਾਂ ਮੁਤਾਬਕ ਦੋਸ਼ੀਆਂ ਨੇ ਦੋਵਾਂ ‘ਤੇ ਦਾਤਰ ਨਾਲ ਵਾਰ ਕੀਤੇ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਰਾਜਕੁਮਾਰ ਦੇ ਸਿਰ, ਛਾਤੀ, ਪੇਟ, ਗਰਦਨ ਅਤੇ ਟੰਗਾਂ ‘ਤੇ ਗੰਭੀਰ ਜ਼ਖਮ ਸਨ ਅਤੇ ਉਸਦੀ ਇੱਕ ਟੰਗ ਕਈ ਥਾਵਾਂ ਤੋਂ ਟੁੱਟ ਗਈ ਸੀ। ਅੱਖਾਂ ‘ਤੇ ਵੀ ਗੰਭੀਰ ਚੋਟਾਂ ਲੱਗੀਆਂ ਸਨ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਤਨੁਜ ਦੇ ਸਿਰ ‘ਤੇ ਵੀ ਦਾਤਰ ਨਾਲ ਗਹਿਰਾ ਜ਼ਖਮ ਹੈ।
ਡੀ.ਸੀ.ਪੀ. ਦਿਹਾਤੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਕੁਮਾਰ ਅਤੇ ਮੁੱਖ ਦੋਸ਼ੀ ਬਬਲੀ ਕੁਮਾਰ ਵਿੱਚ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਇਹ ਹਮਲਾ ਕੀਤਾ ਗਿਆ। ਪੁਲਿਸ ਨੇ ਤਨੁਜ ਕੁਮਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਮੁਲਜ਼ਮ ਬਬਲੀ ਕੁਮਾਰ, ਜਤਿੰਦਰ ਕੁਮਾਰ, ਸੁਨੀਲ ਕੁਮਾਰ ਅਤੇ ਨਵੀ ਮਹਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾ ਹਵਾਲੇ ਕੀਤੀ। ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH