
ਚੰਡੀਗੜ੍ਹ, 17 ਮਈ (ਹਿੰ.ਸ.)| ਮਿਡਲ ਈਸਟ ਵਿੱਚ ਵਧ ਰਹੇ ਤਣਾਅ ਅਤੇ ਵਿਸ਼ਵ ਪੱਧਰ ‘ਤੇ ਤੇਲ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਦੀ ਅਪੀਲ ਕੀਤੀ ਗਈ ਹੈ। ਇਸ ਅਪੀਲ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਇਕ ਮਹੱਤਵਪੂਰਨ ਫੈਸਲਾ ਲਿਆ ਹੈ।
ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਬੁੱਧਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀ ਆਪਣੀਆਂ ਨਿੱਜੀ ਜਾਂ ਸਰਕਾਰੀ ਗੱਡੀਆਂ ਦੀ ਵਰਤੋਂ ਕਰਨ ਦੀ ਬਜਾਏ ਬੱਸਾਂ ਜਾਂ ਸਾਈਕਲਾਂ ਰਾਹੀਂ ਦਫ਼ਤਰ ਪਹੁੰਚਣਗੇ। ਇਸਦੇ ਨਾਲ ਹੀ ਉੱਚ ਅਧਿਕਾਰੀਆਂ ਦੇ ਕਾਫ਼ਿਲਿਆਂ ਵਿੱਚ ਚੱਲਣ ਵਾਲੀਆਂ ਗੱਡੀਆਂ ਦੀ ਗਿਣਤੀ ਵੀ ਘਟਾਈ ਜਾਵੇਗੀ।
ਗਵਰਨਰ ਨੇ ਕਿਹਾ ਕਿ ਉਹ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਚੁੱਕੇ ਹਨ ਕਿ ਬੁੱਧਵਾਰ ਦੇ ਦਿਨ ਕੋਈ ਵੀ ਸਟਾਫ ਮੈਂਬਰ ਸਰਕਾਰੀ ਗੱਡੀ ਦੀ ਵਰਤੋਂ ਨਾ ਕਰੇ। ਉਹਨਾਂ ਨੇ ਕਿਹਾ ਕਿ ਕਰਮਚਾਰੀ ਸਾਈਕਲ, ਪੈਦਲ ਜਾਂ ਸਰਕਾਰੀ ਬੱਸ ਸੇਵਾ ਦੀ ਵਰਤੋਂ ਕਰਨ। ਜੇ ਇਹ ਸੰਭਵ ਨਾ ਹੋਵੇ ਤਾਂ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਦਫ਼ਤਰ ਪਹੁੰਚ ਸਕਦੇ ਹਨ। ਇਹ ਪ੍ਰਯਾਸ 20 ਮਈ ਦਿਨ ਬੁੱਧਵਾਰ ਤੋਂ ਲਾਗੂ ਕੀਤਾ ਜਾਵੇਗਾ।
ਇਸਦੇ ਨਾਲ ਹੀ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਕਿਊਰਿਟੀ ਡਿਪਾਰਟਮੈਂਟ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਗਵਰਨਰ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਵਾਹਨਾਂ ਦੀ ਗਿਣਤੀ ਘੱਟ ਤੋਂ ਘੱਟ ਕੀਤੀ ਜਾਵੇ।
ਇਹ ਕਦਮ ਨਾ ਸਿਰਫ਼ ਇੰਧਨ ਦੀ ਬਚਤ ਵੱਲ ਇੱਕ ਵੱਡੀ ਕੋਸ਼ਿਸ਼ ਹੈ, ਸਗੋਂ ਵਾਤਾਵਰਣ ਲਈ ਵੀ ਮਹੱਤਵਪੂਰਨ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH