
ਆਮ ਲੋਕ ਸਹੀ ਸੂਚਨਾ ਦੇ ਕੇ ਮਰਦਮਸ਼ੁਮਾਰੀ 'ਚ ਆਪਣਾ ਅਹਿਮ ਯੋਗਦਾਨ ਪਾਉਣ, ਡਿਪਟੀ ਕਮਿਸ਼ਨਰ
ਮੋਗਾ, 18 ਮਈ (ਹਿੰ.ਸ.)| ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ 15 ਮਈ ਤੋਂ 13 ਜੂਨ 2026 ਤੱਕ ਘਰ-ਘਰ ਜਾ ਕੇ ਘਰਾਂ ਦਾ ਸੂਚੀਕਰਨ ਕੀਤਾ ਜਾਣਾ ਹੈ। ਇਸ ਤਹਿਤ ਜ਼ਿਲ੍ਹਾ ਮੋਗਾ ਵਿੱਚ ਤਾਇਨਾਤ ਵੱਖ-ਵੱਖ ਗਿਣਤੀਕਾਰਾਂ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਸਹਿਤ-ਪ੍ਰਮੁੱਖ- ਜਨਗਣਨਾ ਅਫ਼ਸਰ ਸਾਗਰ ਸੇਤੀਆ ਆਈ.ਏ.ਐਸ. ਨੇ ਕਿਹਾ ਕਿ ਜ਼ਿਲ੍ਹੇ ਵਿਚ ਗਿਣਤੀਕਾਰਾਂ ਵੱਲੋਂ ਆਪਣੇ-ਆਪਣੇ ਨਿਰਧਾਰਤ ਖੇਤਰਾਂ ਵਿੱਚ ਘਰਾਂ ਦਾ ਸੂਚੀਕਰਨ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਰਾਂ 'ਤੇ ਆਏ ਗਿਣਤੀਕਾਰਾਂ ਨੂੰ ਸਹੀ ਸੂਚਨਾ ਮੁਹੱਈਆ ਕਰਵਾਉਣ ਅਤੇ ਆਪਣਾ ਬਣਦਾ ਅਹਿਮ ਯੋਗਦਾਨ ਜਨਗਣਨਾ ਵਿੱਚ ਪਾਉਣ।
ਇਸ ਕਾਰਜ ਲਈ 1950 ਤੋਂ ਵੱਧ ਗਿਣਤੀਕਾਰ ਸਮੇਤ ਰਾਖਵਾਂ ਸਟਾਫ਼ ਤਾਇਨਾਤ ਕੀਤੇ ਗਏ ਹਨ ਅਤੇ 298 ਸੁਪਰਵਾਈਜ਼ਰ ਲਗਾਏ ਗਏ ਹਨ। ਗਿਣਤੀਕਾਰਾਂ ਨੂੰ ਮੁਕੰਮਲ ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਮਕਾਨ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ ਲਈ 33 ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਵਿਚ ਇਮਾਰਤ ਨੰਬਰ (ਨਗਰਪਾਲਿਕਾ ਜਾਂ ਸਥਾਨਕ ਅਥਾਰਟੀ ਜਾਂ ਜਨਗਣਨਾ ਨੰਬਰ), ਮਕਾਨ ਨੰਬਰ, ਮਕਾਨ ਦੇ ਫਰਸ਼ ਦੀ ਮੁੱਖ ਸਮੱਗਰੀ, ਪਰਿਵਾਰ ਵਿੱਚ ਆਮ ਤੌਰ 'ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH