
ਫਿਲੌਰ, 18 ਮਈ (ਹਿੰ.ਸ.)| ਗੁਰਾਇਆ ਤੋਂ ਫਿਲੌਰ ਨੈਸ਼ਨਲ ਹਾਈਵੇ ‘ਤੇ ਇੱਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਅਤੇ ਬੱਚੀ ਗੰਭੀਰ ਜ਼ਖਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਮੁਤਾਬਕ, ਉਨ੍ਹਾਂ ਨੂੰ ਇੱਕ ਨਿੱਜੀ ਢਾਬੇ ਤੋਂ ਫੋਨ ਰਾਹੀਂ ਸੂਚਨਾ ਮਿਲੀ ਕਿ ਟਰਾਲੇ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋਈ ਹੈ। ਮੋਟਰਸਾਈਕਲ ਸਵਾਰ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ।ਸੂਚਨਾ ਮਿਲਣ ‘ਤੇ ਟੀਮ ਤੁਰੰਤ ਮੌਕੇ ‘ਤੇ ਪਹੁੰਚੀ, ਜਿੱਥੇ ਮੋਟਰਸਾਈਕਲ ਟਰਾਲੇ ਦੇ ਹੇਠਾਂ ਫਸਿਆ ਹੋਇਆ ਮਿਲਿਆ। ਜ਼ਖਮੀਆਂ ਨੂੰ ਤੁਰੰਤ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ। ਡਾਕਟਰਾਂ ਨੇ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਸਾਲੀ ਸੁੱਖੀ ਅਤੇ ਬੱਚੀ ਪ੍ਰਭ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।ਮਿਲੀ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਪਲੈਟੀਨਾ ਮੋਟਰਸਾਈਕਲ ਟਰਾਲੇ ਦੇ ਹੇਠਾਂ ਜਾ ਫਸਿਆ। ਇਸ ਸਬੰਧੀ ਥਾਣਾ ਫਿਲੌਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH