
ਫਾਜ਼ਿਲਕਾ, 18 ਮਈ (ਹਿੰ.ਸ.)। ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਈ ਅਫ਼ਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਈਮ ਮਨਿਸਟਰ ਇੰਨਟਰਨਸ਼ਿਪ ਸਕੀਮ (ਪੀ.ਐਮ.ਆਈ.ਐਸ.) ਦੇ ਤੀਜੇ ਫੇਜ਼ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਸਕੀਮ ਅਧੀਨ ਇੰਟਰਨਸ਼ਿਪ ਕਰਨ ਵਾਲੇ ਪ੍ਰਾਰਥੀਆਂ ਨੂੰ ਵਨ ਟਾਈਮ ਫੀਨਾਈਂਸ਼ਲ ਅਸਿਸਟੈਂਸ 9000 ਮਹੀਨਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਮੌਕਾ ਪ੍ਰਾਰਥੀਆਂ ਲਈ ਦੇਸ਼ ਦੀਆਂ ਟਾਪ ਦੀਆਂ ਕੰਪਨੀਆਂ ਵਿੱਚ ਤਜ਼ਰਬਾ ਲੈਣ ਲਈ ਬਹੁਤ ਲਾਹੇਵੰਦ ਹੈ। ਇਸ ਸਕੀਮ ਅਧੀਨ ਅਪਲਾਈ ਕਰਨ ਵਾਲੇ ਪ੍ਰਾਰਥੀਆਂ ਵੱਲੋਂ ਧਿਆਨ ਰੱਖਿਆ ਜਾਵੇ ਕਿ ਪ੍ਰਾਰਥੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ। ਪ੍ਰਾਰਥੀ ਫੁੱਲ ਟਾਈਮ ਪੜ੍ਹਾਈ ਜਾਂ ਫੁੱਲ ਟਾਈਮ ਰੋਜ਼ਗਾਰ ਵਿੱਚ ਏਨਰੋਲਡ ਨਾ ਹੋਵੇ, ਕੋਈ ਵੀ ਹਾਈ ਸਕੂਲ, ਹਾਇਰ ਸਕੈਂਡਰੀ ਸਕੂਲ, ਆਈ.ਟੀ.ਆਈ., ਪੋਲੀਟੈਕਨੀਕ ਜਾਂ ਗ੍ਰੈਜੂਏਸ਼ਨ (ਬੀ.ਏ., ਬੀ.ਐ.ਸੀ., ਬੀ.ਕਾਮ., ਬੀ.ਈ./ ਬੀ.ਟੈੱਕ ਆਦਿ) ਦੀ ਐਜੂਕੇਸ਼ਨਲ ਕੁਆਲੀਫੀਕੇਸ਼ਨ ਵਾਲਾ ਪ੍ਰਾਰਥੀ ਉਕਤ ਸਕੀਮ ਅਧੀਨ ਅਪਲਾਈ ਕਰ ਸਕਦਾ ਹੈ। ਆਈ.ਆਈ.ਟੀ., ਆਈ.ਆਈ.ਐੱਮ., ਆਈ.ਆਈ.ਐਸ.ਈ.ਆਰ. ਅਤੇ ਐਨ.ਐਲ.ਯੂ. ਵਰਗੇ ਸੰਸਥਾਨਾਂ ਤੋਂ ਪਾਸ ਪ੍ਰਾਰਥੀ ਜਾਂ ਸੀ.ਏ., ਸੀ.ਐਸ., ਐਮ.ਬੀ.ਬੀ.ਐਸ., ਐਮ.ਬੀ.ਏ. ਜਾਂ ਪੀ.ਐੱਚ.ਡੀ. ਵਰਗੀ ਯੋਗਤਾ ਵਾਲੇ ਵਿਅਕਤੀ ਵੀ ਇਸ ਸਕੀਮ ਲਈ ਯੋਗ ਨਹੀਂ ਹਨ।
ਉਨ੍ਹਾਂ ਕਿਹਾ ਕਿ ਪ੍ਰਾਰਥੀ ਦੀ ਪਰਿਵਾਰਕ ਆਮਦਨ 12 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਪਾਰਥੀ ਦੇ ਪਰਿਵਾਰ (ਖ਼ੁਦ, ਪਤੀ/ਪਤਨੀ, ਮਾਤਾ/ਪਿਤਾ) ਵਿੱਚ ਕੋਈ ਸਰਕਾਰੀ ਨੌਕਰੀ ‘ਤੇ ਨਹੀਂ ਹੋਣਾ ਚਾਹੀਦਾ। ਇਸ ਸਕੀਮ ਅਧੀਨ ਇੰਟਰਨਸ਼ਿਪ ਹਾਸਿਲ ਕਰਨ ਲਈ ਵੈਬਸਾਈਟ https://pminternship.mca.gov.in/login/ ‘ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ ਉਪਰੋਕਤ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ ਅਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ