
ਹੁਸ਼ਿਆਰਪੁਰ, 18 ਮਈ (ਹਿੰ.ਸ.)। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ 'ਤੇ ਅੱਜ ਰਸੋਈ ਗੈਸ, ਡੀਜ਼ਲ-ਪੈਟਰੋਲ ਅਤੇ ਸੀਐਨਜੀ ਦੀਆਂ ਕੀਮਤਾਂ 'ਚ ਮੋਦੀ ਸਰਕਾਰ ਵਲੋਂ ਕੀਤੇ ਗਏ ਵਾਧੇ ਖਿਲਾਫ ਬੱਸ ਅੱਡਾ ਹੁਸ਼ਿਆਰਪੁਰ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਵੱਲੋਂ ਤੇਜ਼ੀ ਨਾਲ ਵਧਦੀ ਜਾ ਰਹੀ ਲੱਕ-ਤੋੜ ਮਹਿੰਗਾਈ ਅਤੇ ਸਰਕਾਰ ਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਮਿਲੀਭੁਗਤ ਨਾਲ ਕੀਤੀ ਜਾ ਰਹੀ ਜ਼ਰੂਰੀ ਵਸਤਾਂ ਦੀ ਬਲੈਕ ਤੇ ਕਾਲਾਬਾਜ਼ਾਰੀ ਨੂੰ ਵੀ ਸਖ਼ਤੀ ਨਾਲ ਰੋਕੇ ਜਾਣ ਦੀ ਜ਼ੋਰਦਾਰ ਮੰਗ ਉਭਾਰੀ ਗਈ।
ਇਸ ਮੌਕੇ ਮਨਜੀਤ ਸਿੰਘ ਸੈਣੀ ਅਤੇ ਗੰਗਾ ਪ੍ਰਸ਼ਾਦ ਨੇ ਕਿਹਾ ਕਿ ਡੀਜ਼ਲ-ਪੈਟਰੋਲ ਦੇ ਰੇਟ ਵਧਣ ਨਾਲ ਰੋਜ਼ਾਨਾ ਦੀ ਜਰੂਰਤ ਦੀ ਹਰ ਵਸਤ ਮਹਿੰਗੀ ਹੋ ਜਾਵੇਗੀ, ਜਿਸ ਨਾਲ ਮਹਿੰਗਾਈ ਦੀ ਮਾਰ ਹੇਠ ਪਹਿਲਾਂ ਹੀ ਤ੍ਰਾਹ-ਤ੍ਰਾਹ ਕਰ ਰਹੇ ਆਮ ਲੋਕਾਂ ਦਾ ਜਿਉਣਾ ਹੋਰ ਵੀ ਦੁੱਭਰ ਹੋ ਜਾਵੇਗਾ। ਆਗੂਆਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ 12 ਸਾਲਾਂ ਦੇ ਰਾਜ ਦੌਰਾਨ ਵਿਸ਼ਵ ਮੰਡੀ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਈ ਵੇਰ ਭਾਰੀ ਕਟੌਤੀ ਹੋਣ ਦੇ ਬਾਵਜੂਦ ਤੇਲ ਕੰਪਨੀਆਂ ਨੇ ਭਾਰਤ ਅੰਦਰ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਭੋਰਾ-ਭਰ ਵੀ ਨਹੀਂ ਸਨ ਘਟਾਈਆਂ ਅਤੇ ਭਾਰਤ ਦੇ ਗਰੀਬ ਖਪਤਕਾਰਾਂ ਦੀਆਂ ਜੇਬਾਂ 'ਤੇ ਲੱਖਾਂ ਕਰੋੜ ਰੁਪਏ ਦਾ ਡਾਕਾ ਮਾਰਿਆ ਹੈ। ਡੀਜ਼ਲ-ਪੈਟਰੋਲ ਦੇ ਰੇਟਾਂ 'ਚ ਕੀਤਾ ਗਿਆ ਮੌਜੂਦਾ ਵਾਧਾ ਵੀ ਤੇਲ ਕੰਪਨੀਆਂ ਦੇ ਧਨਾਢ ਮਾਲਕਾਂ ਦੇ ਹਿਤ ਸੁਰੱਖਿਤ ਰੱਖਣ ਦੀ ਕਵਾਇਦ ਹੀ ਹੈ।
ਉਨ੍ਹਾਂ ਕਿਹਾ ਕਿ ਲੋਕੀ ਰਾਜ ਕਦਰਾਂ-ਕੀਮਤਾਂ, ਧਰਮ ਨਿਰਪੱਖ ਸਰੋਕਾਰਾਂ ਅਤੇ ਭਾਈਚਾਰਕ ਸਾਂਝ ਦੀਆਂ ਦੇਸ਼ ਭਰ 'ਚ ਧੱਜੀਆਂ ਉਡਾਉਣ ਤੋਂ ਪਿੱਛੋਂ ਸੰਘ-ਭਾਜਪਾ ਤੇ ਮੋਦੀ ਸਰਕਾਰ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ 'ਤੇ ਕਬਜ਼ਾ ਕਰਨਾ ਹੈ। ਇਹ ਫਿਰਕੂ-ਫਾਸ਼ੀ ਟੋਲੇ ਪੰਜਾਬ ਦੇ ਨਾਬਰੀ ਦੇ ਵਿਰਸੇ, ਅਨਿਆਂ ਖਿਲਾਫ ਜੂਝ ਮਰਨ ਦੀਆਂ ਪੰਜਾਬੀ ਖਿੱਤੇ ਦੀਆਂ ਨਰੋਈਆਂ ਪ੍ਰੰਪਰਾਵਾਂ, ਮਾਨਵੀ ਸਰੋਕਾਰਾਂ ਨਾਲ ਸੰਜੋਈ ਸਿਖ ਗੁਰੂ ਸਾਹਿਬਾਨ ਦੀ ਬਾਣੀ, ਭਗਤੀ ਲਹਿਰ ਦੇ ਮਹਾਨ ਰਹਿਬਰਾਂ ਤੇ ਸੂਫੀ-ਸੰਤਾਂ ਦੀਆਂ ਤਰਕਵਾਦੀ ਸਿੱਖਿਆਵਾਂ, ਗ਼ਦਰੀ ਸੂਰਬੀਰਾਂ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਇਨਕਲਾਬੀ ਵਿਚਾਰਧਾਰਾ ਨੂੰ ਆਪਣੇ ਉਕਤ ਘਿਨੌਣੇ ਮਕਸਦ ਦੀ ਪੂਰਤੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਸਮਝਦੀਆਂ ਹਨ ਅਤੇ ਪੰਜਾਬ ਦੇ ਜਾਇਆਂ ਨੂੰ ਉਪਰੋਕਤ ਪ੍ਰਗਤੀਸ਼ੀਲ ਸੋਚ ਤੋਂ ਬੇਮੁੱਖ ਕਰਨ ਲਈ ਹੋਛੇ ਹਥਕੰਡੇ ਵਰਤ ਰਹੀਆਂ ਹਨ। ਆਗੂਆਂ ਆਖਿਆ ਕਿ ਲੋਕਾਂ ਕੋਲ ਚੱਲੋ ਮੁਹਿਮ ਤਹਿਤ 28 ਮਈ ਤੱਕ ਪਿੰਡਾਂ ਅੰਦਰ ਜਨਤਕ ਇਕੱਠ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ