
ਚੰਡੀਗੜ੍ਹ, 18 ਮਈ (ਹਿੰ.ਸ.)| ਪੰਜਾਬ ਵਿੱਚ ਖਾਲਿਸਤਾਨੀ ਸੰਗਠਨ ਦੇ ਨਾਮ ’ਤੇ ਭੇਜੀਆਂ ਗਈਆਂ ਧਮਕੀਭਰੀਆਂ ਈ-ਮੇਲਾਂ ਤੋਂ ਬਾਅਦ ਸੂਬੇ ਵਿੱਚ ਹੜਕੰਪ ਮਚ ਗਿਆ ਹੈ। ਲੁਧਿਆਣਾ ਦੇ 7 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਇਸਦੇ ਨਾਲ ਹੀ ਹਲਵਾਰਾ ਏਅਰਪੋਰਟ ਦੀ ਪਾਰਕਿੰਗ ਅਤੇ ਧੂਰੀ-ਦਿੱਲੀ ਰੇਲਵੇ ਟਰੈਕ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
ਧਮਕੀ ਮਿਲਣ ਵਾਲੇ ਸਕੂਲਾਂ ਵਿੱਚ ਦੁੱਗਰੀ ਸਥਿਤ ਬਾਲ ਭਾਰਤੀ ਸਕੂਲ, ਡੀਏਵੀ ਸਕੂਲ ਸਰਾਭਾ ਨਗਰ ਐਕਸਟੈਂਸ਼ਨ, ਸੈਕਰਡ ਹਾਰਟ ਸਕੂਲ, ਦ ਏਸ਼ੀਅਨ ਸਕੂਲ ਅਤੇ ਭਾਰਤੀ ਵਿਦਿਆ ਮੰਦਰ ਦੀਆਂ ਕਿਚਲੂ ਨਗਰ, ਉਦਮ ਸਿੰਘ ਨਗਰ ਅਤੇ ਸੈਕਟਰ-39 ਸ਼ਾਖਾਵਾਂ ਸ਼ਾਮਲ ਹਨ।
ਈ-ਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮਾਂ ਅਤੇ ਐਂਟੀ ਸਬੋਟਾਜ਼ ਸਕਵਾਡ ਮੌਕੇ ’ਤੇ ਪਹੁੰਚੇ ਅਤੇ ਸਕੂਲਾਂ ਦੀ ਗਹਿਰਾਈ ਨਾਲ ਤਲਾਸ਼ੀ ਲਈ। ਚੱਲ ਰਹੀਆਂ ਪ੍ਰੀਖਿਆਵਾਂ ਰੋਕ ਕੇ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਗਿਆ ਅਤੇ ਸਕੂਲ ਕੈਂਪਸ ਖਾਲੀ ਕਰਵਾਏ ਗਏ।
ਥਾਣਾ ਸਰਾਭਾ ਨਗਰ ਦੇ ਐਸਐਚਓ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਧਮਕੀਭਰੀ ਈ-ਮੇਲ ਮਿਲਣ ਤੋਂ ਬਾਅਦ ਐਂਟੀ ਸਬੋਟਾਜ਼ ਟੀਮਾਂ ਨਾਲ ਜਾਂਚ ਕੀਤੀ ਗਈ, ਪਰ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਾਇਬਰ ਟੀਮ ਦੀ ਮਦਦ ਨਾਲ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਜਾਣਕਾਰੀ ਮੁਤਾਬਕ, ਲੁਧਿਆਣਾ ਤੋਂ ਇਲਾਵਾ ਸੰਗਰੂਰ ਦੇ ਕੁਝ ਸਕੂਲਾਂ ਨੂੰ ਵੀ ਧਮਕੀਆਂ ਮਿਲੀਆਂ ਹਨ। ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ’ਤੇ ਭੇਜੇ ਗਏ ਈ-ਮੇਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਬਾਰੇ ਵੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ।
ਈ-ਮੇਲ ਵਿੱਚ ਲਿਖਿਆ ਗਿਆ ਕਿ ਖਾਲਿਸਤਾਨੀ ਸੰਗਠਨ ਬੱਚਿਆਂ ਦੇ ਖ਼ਿਲਾਫ਼ ਨਹੀਂ ਹਨ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਹਲਵਾਰਾ ਏਅਰਪੋਰਟ ਦੀ ਪਾਰਕਿੰਗ ਵਿੱਚ ਦੁਪਹਿਰ 1:11 ਵਜੇ ਅਤੇ ਧੂਰੀ-ਦਿੱਲੀ ਰੇਲਵੇ ਟਰੈਕ ’ਤੇ ਦੁਪਹਿਰ 2:11 ਵਜੇ ਤੋਂ ਰਾਤ 9:11 ਵਜੇ ਤੱਕ ਧਮਾਕਿਆਂ ਦੀ ਧਮਕੀ ਦਿੱਤੀ ਗਈ।
ਹਾਲਾਂਕਿ ਪੁਲਿਸ ਜਾਂਚ ਦੌਰਾਨ ਕਿਸੇ ਵੀ ਥਾਂ ਤੋਂ ਕੋਈ ਬੰਬ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ। ਸੁਰੱਖਿਆ ਏਜੰਸੀਆਂ ਨੇ ਸਥਿਤੀ ’ਤੇ ਕੜੀ ਨਿਗਰਾਨੀ ਬਣਾਈ ਹੋਈ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH