
ਲੁਧਿਆਣਾ, 18 ਮਈ (ਹਿੰ.ਸ.)| ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਿਸ ਨੇ ਆਟੋ ਵਿੱਚ ਸਫਰ ਕਰ ਰਹੇ ਵਿਅਕਤੀ ਦੀ ਜੇਬ ‘ਚੋਂ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਆਟੋ ਵੀ ਬਰਾਮਦ ਕਰ ਲਿਆ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਸ਼ਿਕਾਇਤਕਰਤਾ ਪ੍ਰੇਮ ਚੰਦ ਵਾਸੀ ਉੱਤਮ ਨਗਰ ਖੰਨਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਬੱਸ ਸਟੈਂਡ ਤੋਂ ਆਟੋ ਵਿੱਚ ਬੈਠ ਕੇ ਡੀਐਮਸੀ ਹਸਪਤਾਲ ਜਾ ਰਿਹਾ ਸੀ। ਜਦੋਂ ਉਹ ਕਿਰਾਇਆ ਦੇਣ ਲਈ ਜੇਬ ‘ਚ ਹੱਥ ਪਾਇਆ ਤਾਂ ਉਸਦੇ ਕਰੀਬ 18 ਹਜ਼ਾਰ ਰੁਪਏ ਗਾਇਬ ਮਿਲੇ।
ਪੀੜਤ ਨੇ ਸ਼ੱਕ ਜਤਾਇਆ ਕਿ ਆਟੋ ਵਿੱਚ ਮੌਜੂਦ ਵਿਅਕਤੀਆਂ ਨੇ ਹੀ ਉਸਦੀ ਜੇਬ ‘ਚੋਂ ਪੈਸੇ ਚੋਰੀ ਕਰ ਲਏ ਹਨ। ਜਾਂਚ ਦੌਰਾਨ ਪੁਲਿਸ ਨੇ ਮੰਦੀਪ ਸਿੰਘ ਵਾਸੀ ਗਿੱਲ ਕਾਲੋਨੀ, ਨਿਊ ਸ਼ਿਮਲਾਪੁਰੀ ਅਤੇ ਹਰਪ੍ਰੀਤ ਸਿੰਘ ਵਾਸੀ ਪ੍ਰਤਾਪ ਨਗਰ (ਮਿਲਟਰੀ ਕੈਂਪ ਨੇੜੇ) ਨੂੰ ਕਾਬੂ ਕਰ ਲਿਆ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਆਟੋ ਵੀ ਬਰਾਮਦ ਕੀਤਾ ਹੈ। ਦੋਹਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 303(2) ਅਤੇ 3(5) ਤਹਿਤ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਪਹਿਲਾਂ ਹੋਰ ਕਿੰਨੇ ਲੋਕਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH