ਆਸਟ੍ਰੇਲੀਆ ਵਿੱਚ ਲੁਧਿਆਣਾ ਦੀ 19 ਸਾਲਾ ਵਿਦਿਆਰਥਣ ਦੀ ਸੜਕ ਹਾਦਸੇ ਵਿੱਚ ਮੌਤ
ਲੁਧਿਆਣਾ, 19 ਮਈ (ਹਿੰ.ਸ.)| ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ 19 ਸਾਲਾ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕੋਮਲਪ੍ਰੀਤ ਉੱਥੇ ਨਰਸਿੰਗ ਦੀ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਵੀ ਕਰ ਰਹੀ ਸੀ। ਸ਼ਨੀਵਾਰ ਦੇਰ ਰਾਤ ਕੰਮ ਤੋਂ ਘਰ ਵ
ਆਸਟ੍ਰੇਲੀਆ ਵਿੱਚ ਲੁਧਿਆਣਾ ਦੀ 19 ਸਾਲਾ ਵਿਦਿਆਰਥਣ ਦੀ ਸੜਕ ਹਾਦਸੇ ਵਿੱਚ ਮੌਤ


ਲੁਧਿਆਣਾ, 19 ਮਈ (ਹਿੰ.ਸ.)| ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ 19 ਸਾਲਾ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕੋਮਲਪ੍ਰੀਤ ਉੱਥੇ ਨਰਸਿੰਗ ਦੀ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਵੀ ਕਰ ਰਹੀ ਸੀ। ਸ਼ਨੀਵਾਰ ਦੇਰ ਰਾਤ ਕੰਮ ਤੋਂ ਘਰ ਵਾਪਸ ਜਾਂਦੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਇਹ ਹਾਦਸਾ ਕੈਨਿੰਗਵੈਲ ਇਲਾਕੇ ਵਿੱਚ ਵਾਪਰਿਆ, ਜਿੱਥੇ ਕੋਮਲਪ੍ਰੀਤ ਨਾਈਟ ਡਿਊਟੀ ਖਤਮ ਕਰਕੇ ਪੈਦਲ ਘਰ ਵਾਪਸ ਜਾ ਰਹੀ ਸੀ। ਕਰੀਬ ਰਾਤ 11:30 ਵਜੇ ਜੌਨ ਸਟ੍ਰੀਟ ਨੇੜੇ ਅਲਬਨੀ ਹਾਈਵੇ ‘ਤੇ ਬੈਂਟਲੀ ਪਲਾਜ਼ਾ ਕਾਰ ਪਾਰਕਿੰਗ ਕੋਲ ਇੱਕ ਨੀਲੀ ਹਯੁੰਡਾਈ i30 ਹੈਚਬੈਕ ਕਾਰ ਨੇ ਉਸਨੂੰ ਜ਼ੋਰਦਾਰ ਟੱਕਰ ਮਾਰੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸਨੂੰ ਰੌਇਲ ਪਰਥ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਦੀ ਪੁਸ਼ਟੀ ਹੋਈ। ਕੋਮਲਪ੍ਰੀਤ ਕੌਰ ਪਿਛਲੇ ਸਾਲ ਹੀ ਆਪਣੇ ਸੁਨਹਿਰੇ ਭਵਿੱਖ ਦੇ ਸੁਪਨਿਆਂ ਨਾਲ ਆਸਟ੍ਰੇਲੀਆ ਗਈ ਸੀ। ਉਹ ਪਰਥ ਦੇ ਸਟੈਨਲੀ ਕਾਲਜ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਅਤੇ ਆਪਣੀ ਪੜ੍ਹਾਈ ਤੇ ਖਰਚ ਚਲਾਉਣ ਲਈ ਪਾਰਟ-ਟਾਈਮ ਕੰਮ ਵੀ ਕਰਦੀ ਸੀ।

ਮ੍ਰਿਤਕਾ ਕੋਮਲਪ੍ਰੀਤ ਕੌਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ/ਹਲਵਾਰਾ ਨੇੜੇ ਪਿੰਡ ਕਲਸੀਆਂ ਦੀ ਰਹਿਣ ਵਾਲੀ ਸੀ। ਉਸਦੇ ਪਿਤਾ ਅਮਰੀਕ ਸਿੰਘ ਭਾਰਤੀ ਫੌਜ ਤੋਂ ਸੇਵਾਮੁਕਤ ਸੂਬੇਦਾਰ ਹਨ। ਬੇਟੀ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਅਨੁਸਾਰ ਹਯੁੰਡਾਈ ਕਾਰ ਚਲਾ ਰਿਹਾ 19 ਸਾਲਾ ਡਰਾਈਵਰ ਇਸ ਵੇਲੇ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ ਅਤੇ ਹਾਲੇ ਉਸ ‘ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ। ਮੈਜਰ ਕ੍ਰੈਸ਼ ਇਨਵੈਸਟੀਗੇਸ਼ਨ ਸਕਵਾਡ ਘਟਨਾ ਦੇ ਕਾਰਨਾਂ ਦੀ ਗੰਭੀਰ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦਾਂ, ਡੈਸ਼ਕੈਮ ਫੁਟੇਜ ਅਤੇ ਵੀਡੀਓ ਸਬੂਤਾਂ ਦੀ ਮੰਗ ਕੀਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande