
ਚੰਡੀਗੜ੍ਹ, 19 ਮਈ (ਹਿੰ.ਸ.)| ਪਠਾਨਕੋਟ ਵਿੱਚ ਇੱਕ ਮਸ਼ਹੂਰ ਇਮੀਗ੍ਰੇਸ਼ਨ ਕਨਸਲਟੈਂਟ ਨੂੰ ਲਾਰੈਂਸ ਗੈਂਗ ਦੇ ਨਾਂ ‘ਤੇ 10 ਕਰੋੜ ਰੁਪਏ ਦੀ ਫਿਰੋਤੀ ਮੰਗਣ ਤੇ ਰਕਮ ਨਾ ਦੇਣ ਦੀ ਸੂਰਤ ‘ਚ ਪੀੜਤ ਨੂੰ ਜਾਨੋਂ ਮਾਰਣ ਦੀ ਧਮਕੀ ਵੀ ਦਿੱਤੀ ਗਈ ਹੈ। ਪੀੜਤ ਸਚਿਨ, ਜੋ ਸ਼ਹਿਰ ਦੇ ਪੋਸ਼ ਇਲਾਕੇ ਵਿੱਚ ਇਮੀਗ੍ਰੇਸ਼ਨ ਕਨਸਲਟੈਂਸੀ ਦਾ ਕਾਰੋਬਾਰ ਕਰਦੇ ਹਨ, ਨੇ ਥਾਣਾ ਡਿਵੀਜ਼ਨ ਨੰਬਰ-2 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਮਾਤਾ ਦੇ ਇਲਾਜ ਲਈ ਪਟੇਲ ਚੌਂਕ ਸਥਿਤ ਇੱਕ ਨਿੱਜੀ ਹਸਪਤਾਲ ਗਏ ਹੋਏ ਸਨ, ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ। ਕਾਲ ਨਾ ਲੱਗਣ ਤੋਂ ਬਾਅਦ ਤੁਰੰਤ ਹੀ ਦੂਜੇ ਨੰਬਰ ਤੋਂ ਦੁਬਾਰਾ ਕਾਲ ਕੀਤੀ ਗਈ।
ਸਚਿਨ ਦੇ ਮੁਤਾਬਕ ਜਦੋਂ ਉਨ੍ਹਾਂ ਨੇ ਕਾਲ ਰਿਸੀਵ ਕੀਤੀ ਤਾਂ ਕਾਲ ਕਰਨ ਵਾਲੇ ਨੇ ਆਪਣਾ ਨਾਮ ਅਰਜ਼ੂ ਦੱਸਿਆ ਅਤੇ ਆਪਣੇ ਆਪ ਨੂੰ ਲਾਰੈਂਸ ਗੈਂਗ ਦਾ ਮੈਂਬਰ ਕਿਹਾ। ਉਸ ਨੇ ਡਰਾਉਣ ਲਈ ਪੀੜਤ ਦੇ ਘਰ ਅਤੇ ਦਫ਼ਤਰ ਦਾ ਪੂਰਾ ਪਤਾ ਵੀ ਬਿਆਨ ਕਰ ਦਿੱਤਾ। ਦੋਸ਼ੀ ਨੇ ਫੋਨ ‘ਤੇ 10 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਜੇ ਰਕਮ ਨਾ ਦਿੱਤੀ ਗਈ ਤਾਂ ਪੀੜਤ ਨੂੰ ਮਾਰ ਦਿੱਤਾ ਜਾਵੇਗਾ। ਪੀੜਤ ਵੱਲੋਂ ਅਸਮਰਥਤਾ ਜਤਾਉਣ ‘ਤੇ ਧਮਕੀ ਦੇ ਕੇ ਕਾਲ ਕੱਟ ਦਿੱਤੀ ਗਈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਹੈ। ਵਿਦੇਸ਼ੀ ਨੰਬਰਾਂ ਦੇ ਆਈਪੀ ਐਡਰੈੱਸ ਅਤੇ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਕਾਰੋਬਾਰੀ ਵਰਗ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਅਤੇ ਲੋਕਾਂ ਵੱਲੋਂ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH