
ਮੋਹਾਲੀ, 19 ਮਈ (ਹਿੰ.ਸ.)| ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਐਸ.ਏ.ਐਸ. ਨਗਰ ਕੋਮਲ ਮਿੱਤਲ ਦੀ ਅਗਵਾਈ ਹੇਠ ਸੈਂਟ ਜਾਨ ਐਬੂਲੈਂਸ ਵੱਲੋਂ ਸਵਰਾਜ ਇੰਜਨਸ ਲਿਮਿਟਿਡ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ 11 ਮਈ ਤੋਂ 14 ਮਈ ਤੱਕ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਟ੍ਰੇਨਿੰਗ ਕੈਂਪ ਦੌਰਾਨ ਭਾਰਤੀ ਰੈਡ ਕਰਾਸ ਦੇ ਟ੍ਰੇਨਰ ਸੰਦੀਪ ਸਿੰਘ ਵੱਲੋਂ ਕੰਪਨੀ ਦੇ ਆਨਲਾਈਨ ਰਜਿਸਟਰਡ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਸੰਬੰਧੀ ਮੁੱਢਲੀ ਅਤੇ ਜ਼ਰੂਰੀ ਸਿਖਲਾਈ ਦਿੱਤੀ ਗਈ।
ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਦੱਸਿਆ ਗਿਆ ਕਿ ਦੁਰਘਟਨਾਵਾਂ ਸਮੇਂ ਫਸਟ ਏਡ ਜਖਮੀਆਂ ਦੀ ਜ਼ਿੰਦਗੀ ਬਚਾਉਣ ਅਤੇ ਉਨ੍ਹਾਂ ਦੀ ਦੁੱਖ-ਤਕਲੀਫ ਘਟਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਹਰ ਨਾਗਰਿਕ ਨੂੰ ਫਸਟ ਏਡ ਦੀ ਮੁੱਢਲੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਿਖਲਾਈ ਵਿੱਚ ਸੀ ਪੀ ਆਰ, ਬਣਾਉਟੀ ਸਾਹ ਦੇਣਾ, ਬੇਹੋਸ਼ੀ ਦੀ ਸਥਿਤੀ ਵਿੱਚ ਮਦਦ, ਵਗਦੇ ਲਹੂ ਨੂੰ ਰੋਕਣਾ, ਟੁੱਟੀਆਂ ਹੱਡੀਆਂ ਨੂੰ ਸਹਾਰਾ ਦੇਣਾ, ਜਲਣ ਅਤੇ ਸੱਪ ਦੇ ਡੰਗ ਸਮੇਂ ਦਿੱਤੀ ਜਾਣ ਵਾਲੀ ਫਸਟ ਏਡ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਟ੍ਰੇਨਰ ਸੰਦੀਪ ਸਿੰਘ ਨੇ ਦੱਸਿਆ ਕਿ ਦਿਲ ਦੇ ਦੌਰੇ ਦੌਰਾਨ ਦਿੱਤੀ ਜਾਣ ਵਾਲੀ ਸੀ ਪੀ ਆਰ ਕਈ ਵਾਰ ਮਰੀਜ਼ ਦੀ ਜ਼ਿੰਦਗੀ ਬਚਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਉਨ੍ਹਾਂ ਸਿਖਿਆਰਥੀਆਂ ਨੂੰ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਨੂੰ ਠੀਕ ਰੱਖਣ ਬਾਰੇ ਵੀ ਜਾਗਰੂਕ ਕੀਤਾ। ਟ੍ਰੇਨਿੰਗ ਉਪਰੰਤ ਨੈਸ਼ਨਲ ਹੈੱਡਕੁਆਰਟਰ, ਨਵੀਂ ਦਿੱਲੀ ਦੇ ਪ੍ਰੀਖਿਅਕ ਵੱਲੋਂ ਫੈਕਟਰੀ ਵਿਖੇ ਪਹੁੰਚ ਕੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਵਰਕਰਾਂ ਦੀ ਪ੍ਰੀਖਿਆ ਵੀ ਲਈ ਗਈ।
ਹਿੰਦੂਸਥਾਨ ਸਮਾਚਾਰ / GURSHARAN SINGH