
ਚੰਡੀਗੜ੍ਹ, 20 ਮਈ (ਹਿੰ.ਸ.)। ਪੰਜਾਬ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਇੱਕ ਅੰਤਰਰਾਸ਼ਟਰੀ ਡਰੱਗਜ਼ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 10 ਕਿਲੋਗ੍ਰਾਮ ਆਈਸ (ਮੈਥਾਮਫੇਟਾਮਾਈਨ) ਅਤੇ 04 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਡੀ.ਪੀ.ਪੀ. ਗੌਰਵ ਯਾਦਵ ਨੇ ਸੋਸ਼ਲ ਮੀਡੀਆ ਐਕਸ ’ਤੇ ਸਾਂਝੀ ਕੀਤੀ।
ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਬੂ ਧਾਬੀ/ਦੁਬਈ ਤੋਂ ਕੰਮ ਕਰ ਰਹੇ ਦੁਬਈ ਸਥਿਤ ਨਸ਼ਾ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਸਦੇ ਨਿਰਦੇਸ਼ਾਂ ਹੇਠ ਪੰਜਾਬ ਅਤੇ ਦਿੱਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਕੰਮ ਕਰ ਰਹੇ ਸਨ। ਇੱਕ ਦੋਸ਼ੀ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਇਆ ਸੀ, ਜਿੱਥੇ ਉਸਨੂੰ ਕਥਿਤ ਤੌਰ 'ਤੇ ਸਿਖਲਾਈ ਦਿੱਤੀ ਗਈ ਸੀ ਅਤੇ ਹੈਰੋਇਨ ਅਤੇ ਆਈਸੀਈ ਦੀਆਂ ਖੇਪਾਂ ਦੀ ਢੋਆ-ਢੁਆਈ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਸ ਨਾਲ ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ। ਪਿੱਛੇ ਅਤੇ ਅੱਗੇ ਸਬੰਧ ਸਥਾਪਤ ਕਰਨ, ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਹੋਰ ਬਰਾਮਦਗੀਆਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਮਾਮਲੇ ਦੇ ਵਿਸਥਾਰਤ ਵੇਰਵਿਆਂ ਦੀ ਉਡੀਕ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ