
ਚੰਡੀਗੜ੍ਹ, 20 ਮਈ (ਹਿੰ.ਸ.)| ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਨਕ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਵਸੂਲੀ ਕਰਨ ਵਾਲੇ ਗਿਰੋਹ ਖ਼ਿਲਾਫ਼ ਐਬਟਸਫੋਰਡ ਪੁਲਿਸ ਵਿਭਾਗ ਦੀ ਐਕਸਟੋਰਸ਼ਨ ਟਾਸਕ ਫੋਰਸ ਨੇ ਕਾਰਵਾਈ ਕਰਦਿਆਂ ਪੰਜਾਬੀ ਮੂਲ ਦੇ 22 ਸਾਲਾ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਵੱਲੋਂ 22 ਮਈ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ।ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਰਸੇਵਕ ਸਿੰਘ ਜਨਤਕ ਸੁਰੱਖਿਆ ਲਈ ਖ਼ਤਰਾ ਹੈ ਅਤੇ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਤਸਵੀਰ ਵੀ ਜਨਤਕ ਕੀਤੀ ਗਈ ਹੈ, ਤਾਂ ਜੋ ਹੋਰ ਪੀੜਤਾਂ ਜਾਂ ਗਵਾਹਾਂ ਤੱਕ ਪਹੁੰਚ ਕੀਤੀ ਜਾ ਸਕੇ। ਪੁਲਿਸ ਮੁਤਾਬਕ 17 ਦਸੰਬਰ ਦੀ ਰਾਤ ਕਰੀਬ 10:43 ਵਜੇ ਕਿੰਗ ਰੋਡ ਦੇ 31000 ਬਲਾਕ ਵਿੱਚ ਸਥਿਤ ਇੱਕ ਕਾਰੋਬਾਰੀ ਅਦਾਰੇ ‘ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਫਾਇਰਿੰਗ ਦੀ ਪੁਸ਼ਟੀ ਕੀਤੀ, ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਪੁਲਿਸ ਨੇ ਸ਼ੱਕੀ ਕਾਰ ਦੀ ਪਹਿਚਾਣ ਕਰਕੇ ਸਾਰੀਆਂ ਯੂਨਿਟਾਂ ਨੂੰ ਅਲਰਟ ਕਰ ਦਿੱਤਾ। ਕੁਝ ਸਮੇਂ ਬਾਅਦ ਹਾਈਵੇ-1 ‘ਤੇ ਵਟਕਮ ਰੋਡ ਨੇੜੇ ਪੁਲਿਸ ਡੌਗ ਸਰਵਿਸ ਦੇ ਅਧਿਕਾਰੀਆਂ ਨੇ ਸ਼ੱਕੀ ਗੱਡੀ ਨੂੰ ਵੇਖ ਲਿਆ ਅਤੇ ਉਸ ਦਾ ਪਿੱਛਾ ਕੀਤਾ।ਗੈਂਗ ਕ੍ਰਾਈਮ ਯੂਨਿਟ ਨੇ ਤੁਰੰਤ ਕਾਰ ਨੂੰ ਚਾਰੋਂ ਪਾਸੋਂ ਘੇਰ ਲਿਆ। ਕਾਰ ਵਿੱਚ ਕੇਵਲ ਡਰਾਈਵਰ ਮੌਜੂਦ ਸੀ, ਜਿਸ ਦੀ ਪਹਿਚਾਣ ਗੁਰਸੇਵਕ ਸਿੰਘ ਵਜੋਂ ਹੋਈ। ਪੁਲਿਸ ਨੇ ਉਸ ਨੂੰ ਬਿਨਾਂ ਕਿਸੇ ਵਿਰੋਧ ਦੇ ਗ੍ਰਿਫ਼ਤਾਰ ਕਰ ਲਿਆ। ਗੁਰਸੇਵਕ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ।
ਹਿੰਦੂਸਥਾਨ ਸਮਾਚਾਰ / GURSHARAN SINGH