
ਪਟਿਆਲਾ, 20 ਮਈ (ਹਿੰ.ਸ.)। ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਅਤੇ ਵਰਕਸ਼ਾਪ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਪਟਿਆਲਾ ਡਿਪੂ ਵਿੱਚ ਬਰਾਂਚ ਵਾਈਜ ਕੰਮ-ਕਾਜ਼ ਦੀ ਸਮੀਖਿਆ ਕੀਤੀ। ਇਸ ਦੌਰੇ ਦੌਰਾਨ ਮੈਨੇਜਿੰਗ ਡਾਇਰੈਕਟਰ ਨੇ ਸਮੂਹ ਬ੍ਰਾਂਚਾਂ ਦੇ ਇੰਚਾਰਜਾਂ ਤੋਂ ਉਨ੍ਹਾਂ ਦੇ ਅਧੀਨ ਚੱਲ ਰਹੇ ਕੰਮਾਂ ਸਬੰਧੀ ਜਾਣਕਾਰੀ ਲਈ ਅਤੇ ਦਫ਼ਤਰੀ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ।
ਮਨੀਸ਼ਾ ਰਾਣਾ ਨੇ ਇਸ ਮੌਕੇ ਦੱਸਿਆ ਕਿ ਪੀ.ਆਰ.ਟੀ.ਸੀ. ਦੀ ਆਮਦਨ ਵਿੱਚ ਹੋਰ ਇਜਾਫਾ ਕਰਨ ਲਈ ਆਉਣ ਵਾਲੇ ਸਮੇਂ ਵਿੱਚ ਪੀ.ਆਰ.ਟੀ.ਸੀ ਦੀ ਆਪਣੀ ਮਾਲਕੀ ਵਾਲੀਆਂ ਮਿੰਨੀ ਅਤੇ ਵੱਡੀਆਂ ਬੱਸਾਂ ਛੇਤੀ ਹੀ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ।
ਐਮ. ਡੀ. ਮਨੀਸ਼ਾ ਰਾਣਾ ਨੇ ਯੂਨੀਅਨਾਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਲਈ ਅਤੇ ਇਨ੍ਹਾਂ ਦਾ ਨਿਪਟਾਰਾ ਕਰਨ ਲਈ ਸੁਝਾਅ ਵੀ ਲਏ। ਉਨ੍ਹਾਂ ਨੇ ਮੁਲਾਜਮਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਹੋਰ ਨਵਾਂ ਆਰ.ਓ. ਲਗਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਡਿਪੂ ਦੇ ਵਰਕਸ਼ਾਪ ਅਤੇ ਓਪਰੇਸ਼ਨ ਸਟਾਫ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਪੀ.ਆਰ.ਟੀ.ਸੀ. ਆਮ ਜਨਤਾ ਨੂੰ ਨਿਰੰਤਰ ਸਫਰ ਸਹੂਲਤ ਪ੍ਰਦਾਨ ਕਰ ਸਕੇ।
ਐਮ.ਡੀ. ਰਾਣਾ ਨੇ ਨਵੇਂ ਬੱਸ ਸਟੈਂਡ ਦਾ ਮੌਕਾ ਦੇਖਿਆ ਅਤੇ ਇੱਥੇ ਮੌਜੂਦ ਸਵਾਰੀਆਂ ਨਾਲ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ ਅਤੇ ਉਨ੍ਹਾਂ ਨੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਵਾਰੀਆਂ ਦੀ ਸਹੂਲਤ ਲਈ ਬੱਸ ਸਟੈਂਡ ਵਿਖੇ ਹੋਰ ਨਵਾਂ ਆਰ.ਓ. ਲਗਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਸ ਅੱਡੇ ਦੀ ਸਾਫ ਸਫਾਈ, ਪਖਾਨਿਆਂ ਅਤੇ ਬੱਸ ਸਟੈਂਡ ਵਿਖੇ ਸਵਾਰੀਆਂ ਦੀ ਸਹੂਲਤ ਲਈ ਲਗਾਏ ਗਏ ਪੱਖਿਆ ਸਬੰਧੀ ਤਸੱਲੀ ਪ੍ਰਗਟਾਈ। ਇਸ ਮੌਕੇ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਜਨਰਲ ਮੈਨੇਜਰ ਇੰਜ. ਜਤਿੰਦਰਪਾਲ ਸਿੰਘ ਗਰੇਵਾਲ, ਲੇਖਾ ਅਧਿਕਾਰੀ ਧਰਵਿੰਦਰ ਸਹਿਗਲ, ਪਰਮਜੀਤ ਕੌਰ ਸੁਪਰਡੰਟ ਅਤੇ ਡਿਪੂ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ