
ਮੋਹਾਲੀ, 20 ਮਈ (ਹਿੰ.ਸ.)| ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਅਤੇ ਵਿਸ਼ਾਲ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ।
ਵਾਰਡ ਨੰਬਰ-44 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਫੂਲਰਾਜ ਸਿੰਘ ਦੇ ਹੱਕ ਵਿੱਚ ਕਰਵਾਈ ਗਈ ਵਿਸ਼ਾਲ ਇਕੱਤਰਤਾ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਫੂਲਰਾਜ ਸਿੰਘ ਇੱਕ ਇਮਾਨਦਾਰ, ਹੋਣਹਾਰ ਅਤੇ ਬਹੁਤ ਅਨੁਭਵੀ ਉਮੀਦਵਾਰ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਆਪਣੀ ਕੀਮਤੀ ਵੋਟ ਫੂਲਰਾਜ ਸਿੰਘ ਦੇ ਹੱਕ ਵਿੱਚ ਪਾਈ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ 1995 ਵਿੱਚ ਜਦੋਂ ਮਿਊਂਸਪਲ ਕੌਂਸਲ ਬਣੀ ਸੀ, ਉਸ ਸਮੇਂ ਉਹ ਅਤੇ ਫੂਲਰਾਜ ਸਿੰਘ ਦੋਵੇਂ ਕੌਂਸਲਰ ਬਣੇ ਸਨ ਅਤੇ ਉਸ ਤੋਂ ਲੈ ਕੇ ਅੱਜ ਤੱਕ ਦੋਵੇਂ ਇਕੱਠੇ ਲੋਕ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗਰੁੱਪ ਨਾਲ ਹਮੇਸ਼ਾ ਨਵੇਂ ਲੋਕ ਜੁੜਦੇ ਰਹੇ ਹਨ।
ਕੁਲਵੰਤ ਸਿੰਘ ਨੇ ਕਿਹਾ ਕਿ 2015 ਵਿੱਚ ਜਦੋਂ ਮੋਹਾਲੀ ਨਗਰ ਨਿਗਮ ਬਣੀ ਤਾਂ ਉਨ੍ਹਾਂ ਨੂੰ ਮੇਅਰ ਬਣਨ ਦਾ ਮੌਕਾ ਮਿਲਿਆ, ਜਦਕਿ ਫੇਜ਼-7 ਵਿੱਚ ਫੂਲਰਾਜ ਸਿੰਘ ਨੇ ਕੌਂਸਲਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਉਨ੍ਹਾਂ ਕਿਹਾ ਕਿ ਫੂਲਰਾਜ ਸਿੰਘ ਸਿਰਫ਼ ਰਾਜਨੀਤਿਕ ਹੀ ਨਹੀਂ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਵੀ ਸਰਗਰਮ ਰਹੇ ਹਨ।
ਉਨ੍ਹਾਂ ਦੱਸਿਆ ਕਿ 1982 ਤੋਂ 1995 ਦੇ ਦੌਰਾਨ ਪੰਜਾਬ ਦੇ ਮਾੜੇ ਹਾਲਾਤਾਂ ਵਿੱਚ ਵੀ ਫੂਲਰਾਜ ਸਿੰਘ ਵੱਲੋਂ ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਸਨ, ਜਿਨ੍ਹਾਂ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਵੀ ਸ਼ਮੂਲੀਅਤ ਕਰ ਚੁੱਕੇ ਹਨ।
ਵਿਧਾਇਕ ਨੇ ਕਿਹਾ ਕਿ ਫੂਲਰਾਜ ਸਿੰਘ ਨੂੰ ਆਪਣੇ ਵਾਰਡ ਦੇ ਵਿਕਾਸ ਕੰਮਾਂ ਅਤੇ ਅਥਾਰਿਟੀਆਂ ਨਾਲ ਤਾਲਮੇਲ ਬਾਰੇ ਪੂਰੀ ਜਾਣਕਾਰੀ ਹੈ ਅਤੇ ਉਹ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨਗੇ।
ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਰਜਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਲਿਖਾਰੀ ਗਾਬਾ, ਮੀਨੂ ਆਹਲੂਵਾਲੀਆ, ਅਵਤਾਰ ਸਿੰਘ, ਸੁਖਮੀਤ ਸਿੰਘ, ਨਰਿੰਦਰ ਸਿੰਘ ਮੱਲੀ, ਜਸਪਾਲ ਸਿੰਘ ਪਾਲਾ, ਗੁਰਮੀਤ ਸਿੰਘ, ਨਿਹਾਲ ਸਿੰਘ ਬਿਰਕ, ਬਿਕਰਮ ਸਿੰਘ ਸਰਾਂ, ਪਵਨ ਧੀਮਾਨ, ਸੰਦੀਪ ਸਿੰਘ, ਜਗਸੀਰ ਸਿੰਘ, ਗੁਰਜੀਤ ਸਿੰਘ, ਗੁਰਵੀਰ ਸਿੰਘ ਬੱਗਾ, ਹਰਵੀਰ ਸਿੰਘ ਸੰਧੂ, ਜਸਵੀਰ ਸਿੰਘ ਸੋਮਲ, ਸਰਬਜੀਤ ਸਿੰਘ ਬੇਦੀ, ਸੁਖਬੀਰ ਸਿੰਘ, ਕਰਮ ਚੰਦ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਸਤਨਾਮ ਸਿੰਘ, ਮਨਪ੍ਰੀਤ ਸਿੰਘ, ਨਿਰਮਲ ਸਿੰਘ ਸਨੇਟਾਂ ਅਤੇ ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਸਮਰਥਕ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH