
ਫਾਜ਼ਿਲਕਾ, 20 ਮਈ (ਹਿੰ.ਸ.)। ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਰਿਜਨਲ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਫਾਜ਼ਿਲਕਾ, ਗੁਰਪ੍ਰੀਤ ਸਿੰਘ ਥਿੰਦ (ਪੀ.ਸੀ.ਐੱਸ.) ਨੇ ਵਾਹਨ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਦੇ ਵਾਹਨਾਂ ਦੇ ਚਲਾਨ ਦੀ ਰਕਮ ਬਕਾਇਆ ਹੈ, ਉਹ ਉਸ ਦਾ ਤੁਰੰਤ ਭੁਗਤਾਨ ਕਰਨ। ਨਿਰਧਾਰਤ ਸਮੇਂ ਅੰਦਰ ਚਲਾਨ ਨਾ ਭਰਨ ਦੀ ਸੂਰਤ ਵਿੱਚ ਮੋਟਰ ਵਹੀਕਲ ਐਕਟ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਲਈ ਵਾਹਨ ਮਾਲਕ ਖ਼ੁਦ ਜ਼ਿੰਮੇਵਾਰ ਹੋਣਗੇ।
ਵਾਹਨ ਪੋਰਟਲ ’ਤੇ ਬੰਦ ਹੋਣਗੇ ਸਾਰੇ ਕੰਮ :
ਆਰ.ਟੀ.ਓ. ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਵਾਹਨ ਚਲਾਨ ਦੀ ਬਕਾਇਆਂ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਵਾਹਨ ਪੋਰਟਲ ਤੇ ਉਸ ਗੱਡੀ ਨਾਲ ਸਬੰਧਤ ਕੋਈ ਵੀ ਕੰਮ ਨਹੀਂ ਹੋ ਸਕੇਗਾ। ਪੈਂਡਿੰਗ ਈ-ਚਲਾਨਾਂ ਕਾਰਨ ਵਾਹਨਾਂ ਨੂੰ ਪੋਰਟਲ Not to be transacted (ਕੋਈ ਲੈਣ-ਦੇਣ ਨਾ ਕਰਨ ਯੋਗ) ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਸ ਨਾਲ ਵਾਹਨਾਂ ਨਾਲ ਸਬੰਧਤ ਜ਼ਰੂਰੀ ਕੰਮ ਜਿਵੇਂ ਕਿ ਆਰ.ਸੀ. ਟਰਾਂਸਫਰ, ਆਰ.ਸੀ. ਰਿਨਿਊ, ਵਾਹਨ ਫਿਟਨੈਸ, ਪਰਮਿਟ ਅਤੇ ਹੋਰ ਸਰਕਾਰੀ ਕੰਮ।
ਪ੍ਰਸ਼ਾਸਨ ਵੱਲੋਂ ਇਸ ਸਬੰਧੀ ਵਾਹਨ ਨੰਬਰਾਂ ਦੇ ਮਾਲਕਾਂ ਅਤੇ ਚਾਲਕਾਂ ਨੂੰ ਬਕਾਇਆ ਚਲਾਨ ਤੁਰੰਤ ਅਦਾ ਕਰਨ ਲਈ ਅੰਤਿਮ ਸੂਚਨਾ ਜਾਰੀ ਕੀਤੀ ਗਈ ਹੈ। ਵਾਹਨ ਮਾਲਕ ਆਪਣੇ ਚਲਾਨਾਂ ਸਬੰਧੀ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਜਾਂ ਭੁਗਤਾਨ ਕਰਨ ਲਈ ਕਿਸੇ ਵੀ ਸਰਕਾਰੀ ਕੰਮ ਵਾਲੇ ਦਿਨ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ, ਫਾਜ਼ਿਲਕਾ (ਪਿੰਡ ਰਾਮਪੁਰਾ) ਵਿਖੇ ਸਿੱਧਾ ਸੰਪਰਕ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ