
ਲੁਧਿਆਣਾ, 20 ਮਈ (ਹਿੰ.ਸ.)| ਲੁਧਿਆਣਾ ਦੇ ਕਾਕੋਵਾਲ ਰੋਡ ਸਥਿਤ ਵਿਸ਼ਾਲ ਕਾਲੋਨੀ ਵਿੱਚ ਕਰਜ਼ੇ ਅਤੇ ਫਾਇਨਾਂਸ ਕੰਪਨੀਆਂ ਦੇ ਦਬਾਅ ਤੋਂ ਪ੍ਰੇਸ਼ਾਨ ਇੱਕ ਇਲੈਕਟ੍ਰੀਸ਼ਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬੂਟਾ ਸਿੰਘ ਵਜੋਂ ਹੋਈ ਹੈ, ਜੋ ਬਿਜਲੀ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਪਤਨੀ ਵੀਰਪਾਲ ਕੌਰ ਦੇ ਬਿਆਨਾਂ ‘ਤੇ ਲੁਧਿਆਣਾ ਦੇ ਥਾਣਾ ਜੋਧੇਵਾਲ ਦੀ ਪੁਲਿਸ ਨੇ ਏਯੂ ਸਮਾਲ ਫਾਈਨੈਂਸ ਬੈਂਕ ਦੇ ਰਿਕਵਰੀ ਕਰਮਚਾਰੀਆਂ ਸਮੇਤ ਕੁੱਲ 5 ਲੋਕਾਂ ਖਿਲਾਫ ਬੀਐਨਐਸ ਦੀ ਧਾਰਾ 108 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਰਪਾਲ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਬੂਟਾ ਸਿੰਘ ਨੇ ਕੁਝ ਸਮਾਂ ਪਹਿਲਾਂ ਏਯੂ ਸਮਾਲ ਫਾਇਨਾਂਸ ਬੈਂਕ ਤੋਂ ਇੱਕ ਆਲਟੋ ਕਾਰ ਫਾਇਨਾਂਸ ਕਰਵਾਈ ਸੀ। ਪਿਛਲੇ ਕੁਝ ਮਹੀਨਿਆਂ ਤੋਂ ਬਿਜਲੀ ਦੇ ਕੰਮ ਵਿੱਚ ਮੰਦੀ ਆਉਣ ਕਾਰਨ ਆਮਦਨ ਘੱਟ ਹੋ ਗਈ ਸੀ ਅਤੇ ਉਹ ਸਮੇਂ ਸਿਰ ਕਾਰ ਦੀਆਂ ਕਿਸ਼ਤਾਂ ਨਹੀਂ ਭਰ ਸਕੇ। ਇਸ ਤੋਂ ਬਾਅਦ ਬੈਂਕ ਦੇ ਰਿਕਵਰੀ ਕਰਮਚਾਰੀ ਉਨ੍ਹਾਂ ਨੂੰ ਲਗਾਤਾਰ ਤੰਗ ਕਰਨ ਲੱਗ ਪਏ।
ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਕਾਰਨ ਬੂਟਾ ਸਿੰਘ ਨੇ ਕੁਝ ਨਿੱਜੀ ਲੋਕਾਂ ਤੋਂ ਵੀ ਕਰਜ਼ਾ ਲਿਆ ਹੋਇਆ ਸੀ। ਜਦੋਂ ਉਹ ਪੈਸੇ ਵਾਪਸ ਨਾ ਕਰ ਸਕੇ ਤਾਂ ਉਧਾਰ ਦੇਣ ਵਾਲਿਆਂ ਨੇ ਵੀ ਗਾਲਾਂ ਕੱਢਣੀਆਂ ਅਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਹਰ ਪਾਸੇ ਤੋਂ ਮਿਲ ਰਹੇ ਮਾਨਸਿਕ ਤਣਾਅ ਅਤੇ ਧਮਕੀਆਂ ਕਾਰਨ ਬੂਟਾ ਸਿੰਘ ਗਹਿਰੇ ਤਣਾਅ ਵਿੱਚ ਚਲਾ ਗਿਆ ਸੀ।
ਪਰਿਵਾਰ ਮੁਤਾਬਕ 18 ਮਈ ਨੂੰ ਬੂਟਾ ਸਿੰਘ ਨੇ ਆਪਣੇ ਕਮਰੇ ਵਿੱਚ ਗਾਡਰ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਗਾ ਲਿਆ। ਉਹ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਵੀਰਪਾਲ ਕੌਰ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।
ਬੁੱਧਵਾਰ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਅਮਰ ਗੁਪਤਾ, ਰਵਿੰਦਰ ਕੌਰ, ਤਾਜੀ, ਦੇਵਕੀ ਦੇਵੀ, ਵਿਨੈ ਅਤੇ ਏਯੂ ਸਮਾਲ ਫਾਇਨਾਂਸ ਬੈਂਕ ਦੇ ਰਿਕਵਰੀ ਕਰਮਚਾਰੀਆਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਮਾਮਲੇ ਦੀ ਜਾਂਚ ਏਐਸਆਈ ਬਲਕਾਰ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH