ਆਮ ਆਦਮੀ ਪਾਰਟੀ ਨੇ ਲੋਕਾਂ ਦੇ ਸੇਵਾਦਾਰਾਂ ਨੂੰ ਦਿੱਤੀਆਂ ਟਿਕਟਾਂ : ਕੁਲਵੰਤ ਸਿੰਘ
ਮੋਹਾਲੀ, 21 ਮਈ (ਹਿੰ.ਸ.)| ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਵੱਖ-ਵੱਖ ਵਾਰਡਾਂ ਵਿੱਚ ਹੋਈਆਂ ਵੱਡੀਆਂ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਈ ਚ
ਵਿਧਾਇਕ ਕੁਲਵੰਤ ਸਿੰਘ ਨਾਲ ਵਾਰਡ ਵਾਸੀ


ਮੋਹਾਲੀ, 21 ਮਈ (ਹਿੰ.ਸ.)| ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਅੱਜ ਵੱਖ-ਵੱਖ ਵਾਰਡਾਂ ਵਿੱਚ ਹੋਈਆਂ ਵੱਡੀਆਂ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਈ ਚੋਣ ਦਫ਼ਤਰਾਂ ਦਾ ਰਸਮੀ ਉਦਘਾਟਨ ਵੀ ਕੀਤਾ।

ਵਿਧਾਇਕ ਕੁਲਵੰਤ ਸਿੰਘ ਨੇ ਵਾਰਡ ਨੰਬਰ 20 ਤੋਂ ਤਰੁਣਜੀਤ ਸਿੰਘ, ਵਾਰਡ ਨੰਬਰ 21 ਤੋਂ ਸਵਰਨ ਲਤਾ, ਵਾਰਡ ਨੰਬਰ 16 ਤੋਂ ਅਮਰਜੀਤ ਸਿੰਘ, ਵਾਰਡ ਨੰਬਰ 19 ਤੋਂ ਜਗਵਿੰਦਰ ਸਿੰਘ, ਵਾਰਡ ਨੰਬਰ 24 ਤੋਂ ਨਸੀਬ ਸਿੰਘ ਸੰਧੂ ਅਤੇ ਵਾਰਡ ਨੰਬਰ 17 ਤੋਂ ਨੀਤੂ ਪਤਨੀ ਧੀਰਜ ਕੁਮਾਰ ਗੋਰੀ ਦੇ ਹੱਕ ਵਿੱਚ ਹੋਏ ਸਮਾਗਮਾਂ ਨੂੰ ਸੰਬੋਧਨ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਉਹ ਮੋਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਬਣੇ ਸਨ, ਉਸ ਵੇਲੇ ਸਫ਼ਾਈ ਦੇ ਮਾਮਲੇ ਵਿੱਚ ਮੋਹਾਲੀ ਨਿਗਮ ਨੂੰ ਪਹਿਲਾ ਦਰਜਾ ਮਿਲਦਾ ਸੀ, ਪਰ ਹੁਣ ਹਾਲਾਤ ਬਿਲਕੁਲ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਪਿਛਲੇ ਮੇਅਰਾਂ ਅਤੇ ਕਾਂਗਰਸ ਦੇ ਸਾਬਕਾ ਕੌਂਸਲਰਾਂ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ।

ਉਨ੍ਹਾਂ ਸਿੱਧੂ ਭਰਾਵਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ 15 ਸਾਲ ਤੱਕ ਮਾਣ-ਸਤਿਕਾਰ ਦਿੱਤਾ, ਪਰ ਲੋਕਾਂ ਦੀਆਂ ਜ਼ਮੀਨਾਂ ਦਬਾਉਣ, ਲੜਾਈ-ਝਗੜੇ ਕਰਵਾਉਣ ਅਤੇ ਝੂਠੇ ਪੁਲਿਸ ਕੇਸ ਦਰਜ ਕਰਵਾਉਣ ਤੋਂ ਇਲਾਵਾ ਕੋਈ ਵਿਕਾਸ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਇਹ ਹਨ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣ ਲੜਨ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਚੁੱਕੇ ਹਨ।

ਇੱਕ ਸਵਾਲ ਦੇ ਜਵਾਬ ਵਿੱਚ ਕੁਲਵੰਤ ਸਿੰਘ ਨੇ ਕਿਹਾ ਕਿ ਚੋਣਾਂ ਜੋਸ਼ ਨਾਲ ਲੜੀਆਂ ਜਾਂਦੀਆਂ ਹਨ, ਪਰ ਲੋਕਾਂ ਦੇ ਕੰਮ ਕਰਵਾਉਣ ਲਈ ਹੋਸ਼ ਨਾਲ ਕੰਮ ਲੈਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੋਸ਼ ਅਤੇ ਹੋਸ਼ ਦੇ ਸੁਮੇਲ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਮੋਹਾਲੀ ਨਿਗਮ ਚੋਣਾਂ ਲਈ ਸਮਰਪਿਤ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ।

ਇਸ ਮੌਕੇ ਇੰਜੀਨੀਅਰ ਪ੍ਰਭਜੋਤ ਕੌਰ, ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਸਤਨਾਮ ਸਿੰਘ ਸਰਪੰਚ ਗਿਗੇਮਾਜਰਾ, ਹਰਿੰਦਰ ਸਿੰਘ ਸੱਭਲਵਾਲ, ਗੁਰਮੇਲ ਸਿੰਘ ਸਿੱਧੂ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande