
ਚੰਡੀਗੜ੍ਹ, 21 ਮਈ (ਹਿੰ.ਸ.)|ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦੇ ਹੋਸਟਲ ਦੇ ਬੰਦ ਕਮਰੇ ਵਿੱਚੋਂ ਇੱਕ ਵਿਦਿਆਰਥੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ। ਇਸ ਘਟਨਾ ਤੋਂ ਬਾਅਦ ਪੂਰੇ ਯੂਨੀਵਰਸਿਟੀ ਕੈਂਪਸ ਅਤੇ ਵਿਦਿਆਰਥੀਆਂ ਵਿੱਚ ਸਹਿਮ ਅਤੇ ਸੋਗ ਦਾ ਮਾਹੌਲ ਬਣ ਗਿਆ ਹੈ।
ਮ੍ਰਿਤਕ ਵਿਦਿਆਰਥੀ ਦੀ ਪਛਾਣ ਵਰੁਣਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਬੀ.ਟੈਕ ਦੀ ਪੜ੍ਹਾਈ ਕਰ ਰਿਹਾ ਸੀ। ਵਰੁਣਪ੍ਰੀਤ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਿੰਗ ਕੰਗ ਦਾ ਰਹਿਣ ਵਾਲਾ ਸੀ। ਪਰਿਵਾਰ ਨੇ ਉਸਨੂੰ ਉੱਚ ਸਿੱਖਿਆ ਲਈ ਪਟਿਆਲਾ ਭੇਜਿਆ ਸੀ, ਪਰ ਇਸ ਦੁਖਦਾਈ ਘਟਨਾ ਨੇ ਪਰਿਵਾਰ ਦੇ ਸਾਰੇ ਸੁਪਨੇ ਤੋੜ ਦਿੱਤੇ।
ਜਾਣਕਾਰੀ ਅਨੁਸਾਰ ਵਰੁਣਪ੍ਰੀਤ ਦੀ ਲਾਸ਼ ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੇ ਇੱਕ ਕਮਰੇ ਵਿੱਚੋਂ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਵਰੁਣਪ੍ਰੀਤ ਯੂਨੀਵਰਸਿਟੀ ਦੇ ਹੋਸਟਲ ਵਿੱਚ ਨਹੀਂ ਰਹਿੰਦਾ ਸੀ। ਉਹ ਕੈਂਪਸ ਤੋਂ ਬਾਹਰ ਇੱਕ ਪੀਜੀ ਵਿੱਚ ਰਹਿ ਕੇ ਆਪਣੀ ਪੜ੍ਹਾਈ ਕਰ ਰਿਹਾ ਸੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹੋਸਟਲ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਅਰਬਨ ਅਸਟੇਟ ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।
ਇੰਸਪੈਕਟਰ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੌਤ ਤੋਂ ਪਹਿਲਾਂ ਵਰੁਣਪ੍ਰੀਤ ਕਿਸ ਨੂੰ ਮਿਲਣ ਹੋਸਟਲ ਆਇਆ ਸੀ ਅਤੇ ਉਸਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਫਿਲਹਾਲ ਹੋਸਟਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀ ਦੇ ਦੋਸਤਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ।
ਹਿੰਦੂਸਥਾਨ ਸਮਾਚਾਰ / GURSHARAN SINGH