ਗੁਰੂਆਂ ਦੀ ਪਵਿੱਤਰ ਧਰਤੀ 'ਤੇ ਮੌਤ ਵੰਡਣ ਵਾਲਿਆਂ ਦੀ ਪੁਸ਼ਤ-ਪਨਾਹੀ ਪੰਜਾਬ ਨਾਲ ਸਭ ਤੋਂ ਵੱਡਾ ਧ੍ਰੋਹ : ਬ੍ਰਹਮਪੁਰਾ
ਤਰਨ ਤਾਰਨ, 23 ਮਈ (ਹਿੰ.ਸ.)। ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ''ਤੇ ਨਸ਼ੇ ਦੇ ਕਾਲੇ ਵਪਾਰੀਆਂ ਅਤੇ ਮੌਤ ਵੰਡਣ ਵਾਲੇ ਅਨਸਰਾਂ ਨੂੰ ਦਿੱਤੀ ਜਾ ਰਹੀ ਸਿਆਸੀ ਪਨਾਹ, ਪੰਜਾਬ ਦੀ ਮਿੱਟੀ ਨਾਲ ਸਭ ਤੋਂ ਵੱਡਾ ਧ੍ਰੋਹ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕ
ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ


ਤਰਨ ਤਾਰਨ, 23 ਮਈ (ਹਿੰ.ਸ.)। ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਨਸ਼ੇ ਦੇ ਕਾਲੇ ਵਪਾਰੀਆਂ ਅਤੇ ਮੌਤ ਵੰਡਣ ਵਾਲੇ ਅਨਸਰਾਂ ਨੂੰ ਦਿੱਤੀ ਜਾ ਰਹੀ ਸਿਆਸੀ ਪਨਾਹ, ਪੰਜਾਬ ਦੀ ਮਿੱਟੀ ਨਾਲ ਸਭ ਤੋਂ ਵੱਡਾ ਧ੍ਰੋਹ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਕ ਗੰਭੀਰ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਦਾਗ਼ੀ ਚਿਹਰਿਆਂ ਦੇ ਇਤਿਹਾਸ ਅਪਰਾਧਿਕ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਲਿਬੜੇ ਹੋਏ ਹਨ, ਉਨ੍ਹਾਂ ਨੂੰ ਸਿਆਸੀ ਬੁੱਕਲਾਂ ਵਿੱਚ ਬਿਠਾਉਣਾ ਪੰਜਾਬ ਦੇ ਭਵਿੱਖ ਲਈ ਇੱਕ ਸੁਲਗਦੀ ਹੋਈ ਬਰਬਾਦੀ ਹੈ।

ਬ੍ਰਹਮਪੁਰਾ ਨੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਚੁੱਪ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਨਸ਼ਾ ਮਾਫ਼ੀਆ ਖ਼ਿਲਾਫ਼ ਮਿਲੇ ਠੋਸ ਸਬੂਤਾਂ ਅਤੇ ਕਾਨੂੰਨੀ ਦਸਤਾਵੇਜ਼ਾਂ ਦੇ ਬਾਵਜੂਦ ਪ੍ਰਸ਼ਾਸਨਿਕ ਅਦਾਰੇ ਮੋਨ ਧਾਰ ਲੈਂਦੇ ਹਨ, ਤਾਂ ਇਹ ਲੋਕਤੰਤਰ ਦੀ ਮਰਿਆਦਾ ਲਈ ਖ਼ਤਰੇ ਦੀ ਘੰਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਦੇ ਮੌਜੂਦਾ ਹਾਲਾਤਾਂ 'ਤੇ ਪੜਦਾ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਸੱਤਾ ਦੇ ਰਖਵਾਲੇ ਖ਼ੁਦ ਕਾਨੂੰਨ ਦੇ ਭਖਸ਼ਕ ਬਣ ਜਾਣ ਅਤੇ ਆਪਣਿਆਂ ਦੇ ਵਿਹੜੇ ਵਿੱਚ ਤਸਕਰਾਂ ਦਾ ਵਾਸਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਮਰਿਆਦਾ ਪਤਨ ਦੀ ਆਖ਼ਰੀ ਹੱਦ ਤੱਕ ਪਹੁੰਚ ਚੁੱਕੀ ਹੈ ਅਤੇ ਦਾਗੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਇਹ ਭੁੱਲ ਰਹੇ ਹਨ ਕਿ ਇਤਿਹਾਸ ਦੇ ਫ਼ੈਸਲੇ ਸਦਾ ਬੇਪੱਖ ਹੁੰਦੇ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਸੱਚ ਨੂੰ ਰੋਕਣ ਲਈ ਜੇਕਰ ਕੋਈ 'ਅਣਦਿਸਦਾ ਵਰਤਾਰਾ' ਜਾਂ ਸਾਜ਼ਿਸ਼ੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ, ਤਾਂ ਉਸਦੀ ਨੈਤਿਕ, ਕਾਨੂੰਨੀ ਅਤੇ ਸਮਾਜਿਕ ਜਵਾਬਦੇਹੀ ਕੇਵਲ ਉਨ੍ਹਾਂ ਸਿਆਸੀ ਸਰਪ੍ਰਸਤਾਂ ਦੀ ਹੋਵੇਗੀ ਜੋ ਅੱਜ ਨਸ਼ਾ ਤਸਕਰਾਂ ਦੀ ਢਾਲ ਬਣੇ ਹੋਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਗੰਭੀਰ ਮੁੱਦਿਆਂ 'ਤੇ ਸੱਚਾਈ ਦੇ ਰਾਹ 'ਤੇ ਚੱਲਦਿਆਂ ਮੇਰੇ ਸਾਹਮਣੇ ਜੋ ਵੀ ਚੁਣੌਤੀਆਂ ਜਾਂ ਪਰਿਸਥਿਤੀਆਂ ਆਉਣਗੀਆਂ, ਮੈਂ ਆਪਣੇ ਸਿਧਾਂਤਾਂ 'ਤੇ ਪਹਿਰਾ ਦੇਣ ਲਈ ਪੂਰਨ ਤੌਰ 'ਤੇ ਦ੍ਰਿੜ ਹਾਂ।

ਬ੍ਰਹਮਪੁਰਾ ਨੇ ਅੰਤ ਵਿੱਚ ਦੁਹਰਾਇਆ ਕਿ ਮੇਰੀ ਵਫ਼ਾਦਾਰੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਬਲਕਿ ਮੇਰੇ ਪੰਜਾਬ, ਮੇਰੇ ਹਲਕੇ ਦੀ ਬਰਬਾਦ ਹੋ ਰਹੀ ਜਵਾਨੀ ਅਤੇ ਮੇਰੇ ਲੋਕਾਂ ਨਾਲ ਹੈ। ਪੰਜਾਬ ਦੀ ਰਾਖ਼ੀ ਲਈ ਜੋ ਵੀ ਵੱਡਾ ਫ਼ੈਸਲਾ ਲੈਣਾ ਪਿਆ, ਡੰਕੇ ਦੀ ਚੋਟ 'ਤੇ ਲਵਾਂਗੇ, ਪਰ ਪੰਜਾਬ ਨੂੰ ਖੋਖਲਾ ਕਰਨ ਵਾਲੇ ਇਹਨਾਂ ਤਸਕਰਾਂ ਅਤੇ ਉਹਨਾਂ ਦੇ ਸਰਪ੍ਰਸਤਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande