
ਫਾਜ਼ਿਲਕਾ, 21 ਮਈ (ਹਿੰ.ਸ.)| ਫਾਜ਼ਿਲਕਾ–ਫਿਰੋਜ਼ਪੁਰ ਹਾਈਵੇ ‘ਤੇ ਪਿੰਡ ਅਮੀਰ ਖਾਸ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਇੱਕ ਔਰਤ ਜ਼ਖ਼ਮੀ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ।
ਜਾਣਕਾਰੀ ਅਨੁਸਾਰ ਲਾਧੂਕਾ ਮੰਡੀ ਦੇ ਰਹਿਣ ਵਾਲੇ ਦੋ ਨੌਜਵਾਨ ਰਿਸ਼ਤੇਦਾਰੀ ਵਿੱਚ ਚਾਚਾ–ਤਾਇਆ ਦੇ ਪੁੱਤਰ ਸਨ ਅਤੇ ਮੋਟਰਸਾਈਕਲ ‘ਤੇ ਫਰੀਦਕੋਟ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਹ ਕਾਗਜ਼ੀ ਕਾਰਵਾਈ ਲਈ ਫਰੀਦਕੋਟ ਜਾ ਰਹੇ ਸਨ।
ਥਾਣਾ ਅਧਿਕਾਰੀ ਰਮਨ ਕੁਮਾਰ ਮੁਤਾਬਕ ਜਦੋਂ ਦੋਵੇਂ ਨੌਜਵਾਨ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ‘ਤੇ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਓਵਰਟੇਕ ਕਰਨ ਦੌਰਾਨ ਸਾਹਮਣੇ ਤੋਂ ਆ ਰਹੀ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ।
ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕਾਰ ਸਵਾਰ ਇੱਕ ਔਰਤ ਵੀ ਜ਼ਖ਼ਮੀ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH