
ਲੁਧਿਆਣਾ, 21 ਮਈ (ਹਿੰ.ਸ.)| ਦੁੱਗਰੀ ਫਲਾਈਓਵਰ ਨੇੜੇ ਦੇਰ ਰਾਤ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ 12 ਵਜੇ ਉਸ ਸਮੇਂ ਵਾਪਰਿਆ ਜਦੋਂ ਇੱਕ ਟਾਟਾ-1109 ਗੱਡੀ ਸੜਕ ਕਿਨਾਰੇ ਬਿਨਾਂ ਲਾਈਟਾਂ ਅਤੇ ਰਿਫਲੈਕਟਰ ਦੇ ਖੜ੍ਹੇ ਗੁਜਰਾਤ ਨੰਬਰ ਦੇ ਟਰਾਲੇ ਨਾਲ ਪਿੱਛੋਂ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਚਾਲਕ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ਿਕਾਇਤਕਰਤਾ ਰਵਿੰਦਰ ਸਿੰਘ ਵਾਸੀ ਪਿੰਡ ਘੱਗਰਸਰਾਏ, ਤਹਿਸੀਲ ਰਾਜਪੁਰਾ ਨੇ ਦੱਸਿਆ ਕਿ ਉਸਦਾ 34 ਸਾਲਾ ਭਰਾ ਗੁਰਜੰਤ ਸਿੰਘ ਆਪਣੀ ਟਾਟਾ-1109 ਗੱਡੀ ਰਾਹੀਂ ਸੈਕਟਰ-32 ਹਸਪਤਾਲ ਵਾਲੇ ਰਸਤੇ ਤੋਂ ਲੋਡ ਲੈਣ ਲਈ ਫਿਰੋਜ਼ਪੁਰ ਜਾ ਰਿਹਾ ਸੀ। ਜਦੋਂ ਉਹ ਗਿੱਲ ਨਹਿਰ ਰੋਡ ਸਥਿਤ ਫਲਾਈਓਵਰ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਡਿਵਾਈਡਰ ਨੇੜੇ ਇੱਕ ਅਣਪਛਾਤਾ ਟਰਾਲਾ ਖੜ੍ਹਾ ਸੀ।
ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਟਰਾਲਾ ਚਾਲਕ ਨੇ ਬੇਹੱਦ ਲਾਪਰਵਾਹੀ ਨਾਲ ਵਾਹਨ ਨੂੰ ਸੜਕ ਦੇ ਵਿਚਕਾਰ ਖੜ੍ਹਾ ਕੀਤਾ ਹੋਇਆ ਸੀ। ਰਾਤ ਸਮੇਂ ਸੁਰੱਖਿਆ ਲਈ ਨਾ ਤਾਂ ਟਰਾਲੇ ਦੇ ਪਿੱਛੇ ਕੋਈ ਰਿਫਲੈਕਟਰ ਲੱਗਾ ਹੋਇਆ ਸੀ ਅਤੇ ਨਾ ਹੀ ਕੋਈ ਪਾਰਕਿੰਗ ਇੰਡੀਕੇਟਰ ਚੱਲ ਰਿਹਾ ਸੀ। ਹਨੇਰਾ ਹੋਣ ਕਾਰਨ ਗੁਰਜੰਤ ਸਿੰਘ ਨੂੰ ਸੜਕ ‘ਤੇ ਖੜ੍ਹਾ ਟਰਾਲਾ ਨਜ਼ਰ ਨਾ ਆਇਆ ਅਤੇ ਉਸਦੀ ਗੱਡੀ ਸਿੱਧੀ ਟਰਾਲੇ ਨਾਲ ਜਾ ਟਕਰਾਈ। ਹਾਦਸੇ ਵਿੱਚ ਗੁਰਜੰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟਾਟਾ-1109 ਗੱਡੀ ਅਤੇ ਗੁਜਰਾਤ ਨੰਬਰ ਦੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਫਰਾਰ ਟਰਾਲਾ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 281, 324(4) ਅਤੇ 106(1) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH