
ਤਰਨ ਤਾਰਨ, 21 ਮਈ (ਹਿੰ.ਸ.)। ਪੰਜਾਬ ਰਾਜ ਦੇ ਵੱਖ-ਵੱਖ ਤਕਨੀਕੀ ਕਾਲਜਾਂ ਵਿੱਚ ਸਾਲ 2026-27 ਦੌਰਾਨ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀਆਂ ਲਈ ਇਕ ਹੈਲਪ ਡੈਸਕ ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਸਥਾਪਿਤ ਕੀਤਾ ਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਪ ਡੈਸਕ 'ਤੇ ਤਕਨੀਕੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ, ਆਪਣੀ ਆਨਲਾਈਨ ਰਜਿਸਟ੍ਰੇਸ਼ਨ ਫੀਸ ਜਮ੍ਹਾ ਕਰਵਾ ਕੇ ਬਿਨਾਂ ਕਿਸੇ ਹੋਰ ਵਾਧੂ ਚਾਰਜ ਦੇ ਕੇ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਦਸਵੀਂ ਪਾਸ ਕਰ ਚੁੱਕੇ ਵਿਦਿਆਰਥੀ ਇੰਜੀਨੀਅਰਿੰਗ ਡਿਪਲੋਮੇ ਦੇ ਪਹਿਲੇ ਸਾਲ ਵਿੱਚ ਦਾਖ਼ਲਾ ਲੈ ਸਕਦੇ ਹਨ, ਜਦਕਿ ਦੋ ਸਾਲਾ ਆਈ.ਟੀ.ਆਈ ਜਾਂ ਸਾਇੰਸ ਜਾਂ ਵੋਕੇਸ਼ਨਲ ਵਿਸ਼ਿਆਂ ਨਾਲ ਬਾਰ੍ਹਵੀਂ ਪਾਸ ਵਿਦਿਆਰਥੀ ਡਾਇਰੈਕਟ ਦੂਜੇ ਸਾਲ ਵਿੱਚ ਦਾਖ਼ਲਾ ਲੈ ਸਕਦੇ ਹਨ। ਦਾਖ਼ਲਾ ਲੈਣ ਲਈ ਚਾਹਵਾਨ ਵਿਦਿਆਰਥੀਆਂ ਨੂੰ ਆਨਲਾਈਨ ਰਜਿਸਟਰੇਸ਼ਨ ਵਿੱਚ ਮਦਦ ਕਰਨ ਲਈ ਹਰੇਕ ਕੰਮਕਾਜ਼ ਵਾਲੇ ਦਿਨ ਸਟਾਫ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ। ਉਪਰੋਕਤ ਰਜਿਸਟ੍ਰੇਸ਼ਨ ਲਈ ਟਾਈਪਿੰਗ, ਫੋਟੋਕਾਪੀ, ਹਸਤਾਖ਼ਰ ਅਤੇ ਸਰਟੀਫਿਕੇਟ ਸਕੈਨਿੰਗ ਆਦਿ ਲਈ ਕੋਈ ਵੀ ਫੀਸ ਇਸ ਕਾਲਜ ਵੱਲੋਂ ਨਹੀਂ ਲਈ ਜਾਵੇਗੀ।
ਸੰਸਥਾ ਦੇ ਪ੍ਰਿੰਸੀਪਲ ਰਜੇਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਪੰਜਾਬ ਭਰ ਵਿੱਚ ਚੱਲ ਰਹੇ ਵੱਖ-ਵੱਖ ਤਕਨੀਕੀ ਕੋਰਸਾਂ ਦੀ ਜਾਣਕਾਰੀ ਦੇਣ ਹਿੱਤ ਇੱਕ ਗਾਈਡੈਂਸ ਸੈੱਲ ਰਜਵੰਤ ਕੌਰ (99142-63363) ਦੀ ਨਿਗਰਾਨੀ ਹੇਠ ਸਥਾਪਿਤ ਕੀਤਾ ਗਿਆ ਹੈ। ਇਸ ਗਾਈਡੈਂਸ ਸੈੱਲ ਤੋਂ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਇੰਜੀਨੀਅਰਿੰਗ ਡਿਪਲੋਮਾ ਕੋਰਸਾਂ ਦੀਆਂ ਫੀਸਾਂ ਸਬੰਧੀ ਜਾਣਕਾਰੀ ਮੁਫ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ, ਆਸ ਪਾਸ ਅਤੇ ਬਾਰਡਰ ਨਾਲ ਲੱਗਦੇ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਤਕਨੀਕੀ ਹੁਨਰ ਨੂੰ ਉਜਾਗਰ ਕਰਨ ਲਈ 1996 ਤੋਂ ਬਹੁਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਕਾਲਜ ਵਿੱਚ ਚੱਲ ਰਹੇ ਡਿਪਲੋਮਾ ਕੋਰਸ ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਤਿੰਨ ਸਾਲਾ ਡਿਪਲੋਮਾ ਕੋਰਸਾਂ ਵਿੱਚ ਵਿਦਿਆਰਥੀ ਦਾਖ਼ਲਾ ਲੈ ਕੇ ਆਪਣਾ ਭਵਿੱਖ ਰੋਸ਼ਨ ਕਰ ਸਕਦੇ ਹਨ।
ਗਾਈਡੈਂਸ ਸੈੱਲ ਦੇ ਇੰਚਾਰਜ ਰਜਵੰਤ ਕੌਰ ਨੇ ਦੱਸਿਆ ਕਿ ਪੰਜਾਬ/ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੁਸੂਚਿਤ ਜਾਤੀ ,ਪਛੜੀ ਸ਼੍ਰੇਣੀ, ਘੱਟ ਗਿਣਤੀ ਵਰਗ ਆਦਿ ਦੇ ਵਿਦਿਆਰਥੀਆਂ ਲਈ ਫੀਸ ਵਿੱਚ ਵਿਸ਼ੇਸ਼ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡਿਪਲੋਮਾ ਪਾਸ ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੈਂਟ ਕਰਵਾਈ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ