
ਕਿਹਾ- ਸਮਾਂ ਆਉਣ ’ਤੇ ਸਬੂਤ ਵੀ ਦਿਆਂਗਾ
ਚੰਡੀਗੜ੍ਹ, 22 ਮਈ (ਹਿੰ.ਸ.)| ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ ’ਤੇ ਵੱਡਾ ਸਿਆਸੀ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਪੰਜਾਬ ਦੀਆਂ ਰਾਜ ਸਭਾ ਸੀਟਾਂ “ਵੇਚੀਆਂ ਗਈਆਂ”। ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗੱਦਾਰ ਕਹਿਣ ਵਾਲੇ ਪਹਿਲਾਂ ਆਪਣੀ ਪਾਰਟੀ ਤੋਂ ਪੁੱਛਣ ਕਿ ਰਾਜ ਸਭਾ ਸੀਟ ਕਿਸ ਕੀਮਤ ’ਤੇ ਵੇਚੀ ਗਈ।ਭੱਜੀ ਨੇ ਕਿਹਾ, “ਜੇਕਰ ਉਹ ਨਹੀਂ ਦੱਸਣਗੇ ਤਾਂ ਮੈਂ ਦੱਸਾਂਗਾ ਕਿ ਕਿਸ ਨੇ ਕਿੰਨੀ ਰਿਸ਼ਵਤ ਲਈ ਅਤੇ ਕਿਸ ਤੋਂ ਲਈ। ਕਿਵੇਂ ਕਿਸੇ ਨੂੰ ਮੰਤਰੀ ਬਣਾਇਆ ਗਿਆ ਅਤੇ ਪੰਜਾਬ ਨੂੰ ਲੁੱਟਣ ਲਈ ਮੋਹਰਾ ਬਣਾਇਆ ਗਿਆ।”ਗੌਰਤਲਬ ਹੈ ਕਿ ਹਰਭਜਨ ਸਿੰਘ ਉਹਨਾਂ ਸੱਤ ਰਾਜ ਸਭਾ ਮੈਂਬਰਾਂ ਵਿੱਚ ਸ਼ਾਮਲ ਹਨ ਜੋ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਆਪ ਵਰਕਰਾਂ ਵੱਲੋਂ ਉਨ੍ਹਾਂ ਦੇ ਜਲੰਧਰ ਸਥਿਤ ਘਰ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ ਅਤੇ ਕੰਧਾਂ ’ਤੇ “ਗੱਦਾਰ” ਤੱਕ ਲਿਖਿਆ ਗਿਆ।ਵਿਵਾਦ ਉਸ ਵੇਲੇ ਹੋਰ ਵੱਧ ਗਿਆ ਜਦੋਂ ਦਵਿੰਦਰ ਯਾਦਵ ਨੇ ਸੋਸ਼ਲ ਮੀਡੀਆ ’ਤੇ ਹਰਭਜਨ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਪੁੱਛਿਆ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਨਾਲ ਇੰਨੀ ਨਾਰਾਜ਼ਗੀ ਸੀ ਤਾਂ ਉਨ੍ਹਾਂ ਨੇ ਰਾਜ ਸਭਾ ਮੈਂਬਰਤਾ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ। ਯਾਦਵ ਨੇ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਨੇ “ਗੱਦਾਰਾਂ” ਨੂੰ 25-25 ਕਰੋੜ ਰੁਪਏ ਦਾ ਆਫਰ ਦਿੱਤਾ।ਇਸ ਦੇ ਜਵਾਬ ਵਿੱਚ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਆਗੂ ਦਾ ਅਪਮਾਨ ਨਹੀਂ ਕੀਤਾ, ਪਰ ਉਨ੍ਹਾਂ ਖ਼ਿਲਾਫ਼ ਪਾਰਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ, “ਦੇਸ਼ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ 20 ਸਾਲ ਤੱਕ ਕ੍ਰਿਕਟ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ। ਕੁਝ ਲੋਕ ਸੋਸ਼ਲ ਮੀਡੀਆ ’ਤੇ ਪੈਸੇ ਲੈ ਕੇ ਲਿਖਦੇ ਹਨ, ਪਰ ਜਨਤਾ ਸਭ ਕੁਝ ਜਾਣਦੀ ਹੈ।”
ਹਿੰਦੂਸਥਾਨ ਸਮਾਚਾਰ / GURSHARAN SINGH